ਪੀ ਏ ਯੂ ਨੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਸੰਧੀ ਕੀਤੀ

ਲੁਧਿਆਣਾ 29 ਮਾਰਚ : ਪੀਏਯੂ ਨੇ ਸੋਧੇ ਹੋਏ ਪੀਏਯੂ ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਸਪੈਕਟਰੋਨ ਇੰਜਨੀਅਰਜ਼ ਪ੍ਰਾਈਵੇਟ ਲਿਮਟਿਡ, 129, ਅੰਧੇਰੀ ਇੰਡਸਟਰੀਅਲ ਅਸਟੇਟ, ਆਫ ਵੀਰਾ ਦੇਸਾਈ ਰੋਡ, ਅੰਧੇਰੀ (ਪੱਛਮ), ਮੁੰਬਈ ਨਾਲ ਇੱਕ ਸੰਧੀ 'ਤੇ ਹਸਤਾਖਰ ਕੀਤੇ । ਇਹ ਬਾਇਓਗੈਸ ਤਕਨਾਲੋਜੀ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਫੰਡ ਕੀਤੇ "ਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ 'ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ  ਦੇ ਤਹਿਤ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਹੈ।  ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਸਪੈਕਟਰੋਨ ਇੰਜਨੀਅਰਜ਼ ਪ੍ਰਾਈਵੇਟ ਲਿਮਟਿਡ, ਮੁੰਬਈ ਨੇ ਆਪਣੀ ਸੰਸਥਾ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ 'ਤੇ ਹਸਤਾਖਰ ਕੀਤੇ। ਸਮਝੌਤੇ ਦੇ ਅਨੁਸਾਰ, ਯੂਨੀਵਰਸਿਟੀ ਵਲੋਂ ਭਾਰਤ ਵਿੱਚ 25 ਘਣ ਮੀਟਰ/ਦਿਨ ਤੋਂ 500 ਘਣ ਮੀਟਰ/ਦਿਨ ਤੱਕ ਦੀ ਸਮਰੱਥਾ ਵਾਲੇ  ਫਿਕਸਡ ਡੋਮ ਟਾਈਪ ਜਨਤਾ ਮਾਡਲ ਬਾਇਓਗੈਸ ਪਲਾਂਟ ਬਣਾਉਣ ਲਈ ਕੰਪਨੀ ਨੂੰ ਅਧਿਕਾਰਾਂ ਦਿੱਤੇ ਗਏ। ਡਾ: ਗੁਰਜੀਤ ਸਿੰਘ ਮਾਂਗਟ, ਵਧੀਕ ਨਿਰਦੇਸ਼ਕ ਖੋਜ (ਫਸਲ ਸੁਧਾਰ) ਪੀਏਯੂ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾ: ਸਰਬਜੀਤ ਸਿੰਘ ਸੂਚ ਦੁਆਰਾ ਵਿਕਸਤ ਕੀਤੀ ਇਸ ਤਕਨੀਕ ਦੇ ਵਪਾਰੀਕਰਨ ਲਈ ਡਾ: ਰਾਜਨ ਅਗਰਵਾਲ, ਮੁਖੀ, ਸੌਰ ਊਰਜਾ ਇੰਜੀਨੀਅਰਿੰਗ ਵਿਭਾਗ ਨੂੰ ਵਧਾਈ ਦਿੱਤੀ। ਡਾ. ਅਗਰਵਾਲ ਨੇ ਕਿਹਾ ਕਿ ਇਸ ਤਕਨੀਕ ਅਨੁਸਾਰ ਰਹਿੰਦ-ਖੂੰਹਦ ਜਿਵੇਂ ਪਸ਼ੂਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ ਨੂੰ ਥਰਮਲ ਕਾਰਜਾਂ ਲਈ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ। ਇਹ ਤਕਨਾਲੋਜੀ ਖਾਸ ਤੌਰ 'ਤੇ ਪੇਂਡੂ ਖੇਤਰ ਵਿੱਚ ਸਫਾਈ ਅਤੇ ਹਰੀ ਊਰਜਾ ਦੇ ਉਤਪਾਦਨ ਵਿੱਚ ਮਦਦ ਕਰਦੀ ਹੈ। ਤਕਨਾਲੋਜੀ ਬਾਰੇ ਵੇਰਵੇ ਦਿੰਦੇ ਹੋਏ ਡਾ. ਸੂਚ ਨੇ ਦੱਸਿਆ ਕਿ ਇਸ ਕਿਸਮ ਦੇ ਪਲਾਂਟ ਦੀ ਉਸਾਰੀ ਸੌਖੀ ਹੈ ਅਤੇ ਇਹ ਇੱਟਾਂ ਦਾ ਢਾਂਚਾ ਹੈ। ਇਹ ਡਿਜ਼ਾਈਨ ਦੇਸ਼ ਦੇ ਸਾਰੇ ਖੇਤਰਾਂ ਲਈ ਢੁਕਵਾਂ ਹੈ। ਇਸ ਪਲਾਂਟ ਰਾਹੀਂ 25 ਘਣ ਮੀਟਰ/ਦਿਨ ਤੋਂ 500 ਘਣ ਮੀਟਰ/ਦਿਨ ਤੱਕ ਗੈਸ ਨੂੰ ਪੈਦਾ ਕੀਤਾ ਜਾ ਸਕਦਾ ਹੈ। ਦੂਜੇ ਰਵਾਇਤੀ ਮਾਡਲ ਬਾਇਓਗੈਸ ਪਲਾਂਟ ਦੀ ਲਾਗਤ ਦੇ ਮੁਕਾਬਲੇ ਇਸ ਪਲਾਂਟ ਦੀ ਲਾਗਤ 60-70% ਘੱਟ ਹੈ ਅਤੇ ਇਸ ਪਲਾਂਟ ਦੀ ਰੱਖ-ਰਖਾਅ ਦੀਆਂ ਲੋੜਾਂ ਦੂਜੇ ਪਲਾਂਟਾਂ ਨਾਲੋਂ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਇਸ ਪਲਾਂਟ ਤੋਂ ਪੈਦਾ ਹੋਣ ਵਾਲੀ ਵਾਲੀ ਖਾਦ ਖੇਤਾਂ ਵਿੱਚ ਵਰਤੋਂ ਲਈ ਤਿਆਰ ਚੰਗੀ ਗੁਣਵੱਤਾ ਵਾਲੀ ਖਾਦ ਹੈ। ਇਸ ਪਲਾਂਟ ਦੀ ਉਮਰ 25 ਸਾਲ ਦੇ ਕਰੀਬ ਹੋਣ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਦਾ ਫਾਇਦਾ ਇਹ ਹੈ ਕਿ ਸਾਰਾ ਢਾਂਚਾ ਜ਼ਮੀਨ ਹੇਠ ਹੈ। ਡਾ. ਊਸ਼ਾ ਨਾਰਾ, ਪਲਾਂਟ ਬਰੀਡਰ ਨੇ ਦੱਸਿਆ ਕਿ ਪੀ ਏ ਯੂ ਨੇ ਕੁੱਲ 318 ਸਮਝੌਤਿਆਂ ਤੇ ਹਸਤਾਖਰ ਕੀਤੇ ਹਨ ਅਤੇ 77 ਤਕਨਾਲੋਜੀਆਂ ਦਾ ਵਪਾਰੀਕਰਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ 15 ਸਮਝੌਤੇ ਵੱਖ-ਵੱਖ ਕੰਪਨੀਆਂ ਅਤੇ ਫਰਮਾਂ ਨਾਲ ਹਸਤਾਖਰ ਕੀਤੇ ਗਏ ਹਨ।