ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਉਦਯੋਗਿਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ

ਲੁਧਿਆਣਾ 5 ਜੂਨ : ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਵੱਲੋਂ ਨਿਰਦੇਸ਼ਕ ਡਾ. ਰਮਨਦੀਪ ਸਿੰਘ ਦੀ ਨਿਗਰਾਨੀ ਹੇਠ ਗਰਮ ਰੁੱਤ ਦਾ ਉਦਯੋਗਿਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ| ਇਸ ਵਿਚ ਪਹਿਲੇ ਸਾਲ ਵਿਚ ਐੱਮ ਬੀ ਏ ਅਤੇ ਐੱਮ ਬੀ ਏ ਐਗਰੀ ਬਿਜ਼ਨਸ ਅਤੇ ਪੀ ਐੱਚ ਡੀ ਦੇ ਵਿਦਿਆਰਥੀਆਂ ਨੂੰ ਉਦਯੋਗ ਨਾਲ ਸੰਬੰਧਿਤ ਪ੍ਰਮੁੱਖ ਨੁਕਤੇ ਸੁਝਾਏ ਗਏ| ਉਹਨਾਂ ਨੂੰ ਸਿਧਾਂਤਕ ਜਾਣਕਾਰੀ ਦੇ ਨਾਲ-ਨਾਲ ਵਿਹਾਰਕ ਤਜਰਬੇ ਅਤੇ ਹੱਥੀਂ ਸਿਖਲਾਈ ਦੇਣ ਦਾ ਕੰਮ ਵੀ ਕੀਤਾ ਗਿਆ| ਇਸ ਸਿਖਲਾਈ ਦੌਰਾਨ ਵਿਦਿਆਰਥੀਆਂ ਨੂੰ ਮਾਹਿਰਾਂ ਦੀ ਨਿਗਰਾਨੀ ਹੇਠ ਮੰਡੀਕਰਨ, ਵਿੱਤ, ਵਿਕਰੀ, ਉਤਪਾਦਨ ਅਤੇ ਐੱਚ ਆਰ ਵਰਗੇ ਮਸਲਿਆਂ ਤੇ ਨਵੀਨ ਜਾਣਕਾਰੀ ਦੇ ਨਾਲ-ਨਾਲ ਪ੍ਰੋਜੈਕਟ ਬਨਾਉਣ, ਖੋਜ ਦੇ ਮੁੱਦੇ ਨਿਰਧਾਰਤ ਕਰਨ, ਖੋਜ ਵਿਧੀਆਂ ਦੀ ਵਰਤੋਂ ਅਤੇ ਲੱਭਤਾਂ ਨੂੰ ਤਰਤੀਬਵਾਰ ਢੰਗ ਨਾਲ ਪੇਸ਼ ਕਰਨ ਦੇ ਗੁਰ ਦੱਸੇ ਗਏ| ਇਸ ਦੌਰਾਨ ਵਿਦਿਆਰਥੀਆਂ ਨੂੰ ਸਵੌਟ ਵਿਸ਼ਲੇਸ਼ਣ ਦੇ ਤਰੀਕੇ ਦੱਸੇ ਗਏ ਜਿਸ ਰਾਹੀਂ ਕੋਈ ਵਿਦਿਆਰਥੀ ਆਪਣੀਆਂ ਖੂਬੀਆਂ, ਖਾਮੀਆਂ, ਮੌਕਿਆਂ ਅਤੇ ਚਿੰਤਾਵਾਂ ਨੂੰ ਜਾਣ ਕੇ ਬਿਹਤਰ ਸ਼ਹਿਰੀ ਬਣ ਸਕਦਾ ਹੈ| ਉੱਤਰ ਭਾਰਤ ਅਤੇ ਪੰਜਾਬ ਦੀਆਂ ਬਿਹਤਰੀਨ ਸੰਸਥਾਵਾਂ ਜਿਵੇਂ ਵਰਧਮਾਨ ਟੈਕਸਟਾਈਲਜ਼, ਐੱਚ ਡੀ ਐੱਫ ਸੀ ਮਿਊਚੁਅਲ ਫੰਡਜ਼, ਲੁਧਿਆਣਾ ਸਟਾਕ ਐਕਸਚੇਂਜ, ਆਪਣੀ ਖੇਤੀ, ਵੇਰਕਾ ਅਤੇ ਹਨੀਵਰਸ ਨਾਲ ਕੰਮ ਕਰਨ ਦਾ ਮੌਕਾ ਵਿਦਿਆਰਥੀਆਂ ਲਈ ਮੁਹੱਈਆ ਕਰਵਾਇਆ ਗਿਆ| ਡਾ. ਰਮਨਦੀਪ ਸਿੰਘ ਨੇ ਇਸ ਕਾਰਜ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਪਾਠਕ੍ਰਮ ਦੀ ਮਹੱਤਤਾ ਤੋਂ ਬਾਹਰ ਜਾ ਕੇ ਦੁਨੀਆਂ ਨੂੰ ਜਾਨਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਧ ਅਹਿਮ ਜ਼ਰੂਰਤ ਹੈ| ਉਹਨਾਂ ਨੇ ਸਮੇਂ ਦੀ ਮੰਗ ਅਨੁਸਾਰ ਆਪਣੇ ਆਪ ਨੂੰ ਭਰਪੂਰ ਕਰਨ ਲਈ ਵਿਦਿਆਰਥੀਆਂ ਨੂੰ ਅਪੀਲ ਕੀਤੀ| ਇਸਦੇ ਨਾਲ ਹੀ ਨੌਕਰੀਆਂ ਲਈ ਤਿਆਰੀ ਵਾਸਤੇ ਬਹੁਮੁਖੀ ਮੁਹਾਰਤ ਦੇ ਧਾਰਨੀ ਹੋਣ ਲਈ ਵੀ ਵਿਦਿਆਰਥੀਆਂ ਨੂੰ ਕਿਹਾ| ਸਿਖਲਾਈ ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਨਵਦੀਪ ਅਗਰਵਾਲ ਨੇ ਕਿਹਾ ਕਿ ਇਸ ਵਿਚ ਭਾਗ ਲੈਣ ਵਾਲੇ ਨੌਜਵਾਨ ਖੋਜੀਆਂ ਨੇ ਨਿੱਜੀ ਵਿਕਾਸ ਲਈ ਬਹੁਤ ਸਾਰੇ ਯਤਨ ਕੀਤੇ| ਉਹਨਾਂ ਆਸ ਪ੍ਰਗਟਾਈ ਕਿ ਇਹ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਵੇਂ ਤਜਰਬਿਆਂ ਦੇ ਰੂਬਰੂ ਕਰ ਸਕੇਗਾ|