ਪੀ.ਏ.ਯੂ. ਦੇ ਵਿਦਿਆਰਥੀਆਂ ਵੱਲੋਂ ‘ਮੇਰਾ ਹੋਸਟਲ ਮੇਰਾ ਘਰ’ ਪ੍ਰੋਗਰਾਮ ਦੀ ਸ਼ੁਰੂਆਤ ਹੋਈ

  • ਹੋਸਟਲ ਵਿੱਚ ਰਹਿ ਕੇ ਵਿਦਿਆਰਥੀ ਜੀਵਨ ਦੀ ਅਸਲ ਜਾਚ ਸਿੱਖਦੇ ਹਨ : ਡਾ. ਸਤਿਬੀਰ ਸਿੰਘ ਗੋਸਲ

ਲੁਧਿਆਣਾ 12 ਮਈ : ਪੀ.ਏ.ਯੂ. ਦੇ ਲੜਕੀਆਂ ਦੇ ਹੋਸਟਲ ਵਿੱਚ ਬੀਤੇ ਦਿਨੀਂ ਇੱਕ ਵਿਸ਼ੇਸ਼ ਸਮਾਗਮ ਹੋਇਆ । ਇਸ ਵਿੱਚ ਵਿਦਿਆਰਥੀਆਂ ਨੂੰ ਭਾਵਨਾਤਮਕ ਤੌਰ ਤੇ ਸੰਸਥਾ ਦੇ ਹੋਸਟਲਾਂ ਨਾਲ ਜੋੜਨ ਲਈ ‘ਮੇਰਾ ਹੋਸਟਲ ਮੇਰਾ ਘਰ’ ਲਹਿਰ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਡਾ. ਗੋਸਲ ਨੇ ਕਿਹਾ ਕਿ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀ ਕਿਤਾਬਾਂ ਦੇ ਨਾਲ-ਨਾਲ ਜ਼ਿੰਦਗੀ ਦੀ ਵਿਹਾਰਕਤਾ ਦੇ ਸਬਕ ਵੀ ਸਿੱਖਦੇ ਹਨ । ਉਹਨਾਂ ਕਿਹਾ ਕਿ ਹੋਸਟਲ ਵਿਦਿਆਰਥੀ ਦਾ ਗਿਆਨ ਮੱਠ ਹੁੰਦਾ ਹੈ ਜਿਸ ਨਾਲ ਸਾਰੀ ਉਮਰ ਸਾਂਝ ਦਾ ਰਿਸ਼ਤਾ ਬਣਿਆ ਰਹਿੰਦਾ ਹੈ । ਹੋਸਟਲ ਤੋਂ ਜਾਣ ਤੋਂ ਬਾਅਦ ਇੱਥੇ ਬਿਤਾਏ ਦਿਨ ਵਾਰ ਵਾਰ ਯਾਦ ਆਉਂਦੇ ਹਨ । ਉਹਨਾਂ ਨੇ ਵਿਦਿਆਰਥੀਆਂ ਨੂੰ ਹੋਸਟਲ ਦੀ ਜ਼ਿੰਦਗੀ ਨੂੰ ਹੋਰ ਸਾਰਥਕ ਬਨਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣਾ ਵੱਧ ਤੋਂ ਵੱਧ ਸਮਾਂ ਨਿੱਜੀ ਅਤੇ ਸਮਾਜਕ ਬਿਹਤਰੀ ਲਈ ਬਤੀਤ ਕਰਨ । ਡਾ. ਗੋਸਲ ਨੇ ਵਿਦਿਆਰਥੀਆਂ ਨਾਲ ਆਪਣੀ ਹੋਸਟਲ ਵਿੱਚ ਗੁਜ਼ਾਰੀ ਜ਼ਿੰਦਗੀ ਦੇ ਤਜਰਬੇ ਅਤੇ ਯਾਦਾਂ ਸਾਂਝੀਆਂ ਕੀਤੀਆਂ । ਉਹਨਾਂ ਕਿਹਾ ਕਿ ਇਸ ਘਰ ਨੂੰ ਸਾਫ਼-ਸੁਥਰਾ ਅਤੇ ਨੈਤਿਕ ਤੌਰ ਤੇ ਸਚਿਆਰਾ ਰੱਖਣਾ ਇੱਥੋਂ ਦੇ ਵਸਨੀਕਾਂ ਦੀ ਮੁੱਢਲੀ ਜ਼ਿੰੰਮੇਵਾਰੀ ਬਣ ਜਾਂਦੀ ਹੈ । ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਜਿਹੋ ਜਿਹਾ ਸਾਡਾ ਆਲਾ ਦੁਆਲਾ ਹੁੰਦਾ ਹੈ ਉਹੋ ਜਿਹੀ ਸਾਡੀ ਸ਼ਖਸੀਅਤ ਉਸਰਦੀ ਹੈ । ਉਹਨਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਹੋਸਟਲਾਂ ਨੂੰ ਆਪਣਾ ਘਰ ਸਮਝਣ ਨਾਲ ਇੱਥੇ ਆਦਰਸ਼ ਜੀਵਨ ਮੁੱਲ ਸਥਾਪਿਤ ਹੋਣਗੇ । ਡਾ. ਜੌੜਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਇਸ ਲਹਿਰ ਤਹਿਤ ਪ੍ਰੋਗਰਾਮ ਕੀਤੇ ਜਾਣਗੇ । ਹੋਸਟਲ ਦੇ ਵਾਰਡਨ ਡਾ. ਲੋਪਾਮੁਦਰਾ ਮੋਹਪਾਤਰਾ ਨੇ ਧੰਨਵਾਦ ਦੇ ਸ਼ਬਦ ਕਹੇ । ਇਸ ਮੌਕੇ ਵਿਦਿਆਰਥਣਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਮਹਿੰਦੀ, ਪੋਸਟਰ ਬਨਾਉਣ ਅਤੇ ਕਵਿਤਾ ਉਚਾਰਨ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ । ਇਹਨਾਂ ਮੁਕਾਬਲਿਆਂ ਦਾ ਨਿਰਣਾ ਡਾ. ਦਵਿੰਦਰ ਕੌਰ ਕੋਚਰ, ਡਾ. ਅਨੁਰੀਤ ਚੰਦੀ ਨੇ ਕੀਤਾ । ਇਸ ਮੌਕੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ, ਲਲਿਤ ਕਲਾਵਾਂ ਦੇ ਇੰਚਾਰਜ਼ ਡਾ. ਰੁਪਿੰਦਰ ਕੌਰ ਤੂਰ, ਚੀਫ ਵਾਰਡਨ ਡਾ. ਯੋਗਿਤਾ, ਪਿ੍ਰਆ ਕਤਿਆਲ, ਡਾ. ਊਸ਼ਾ ਨਾਰਾ, ਡਾ. ਅੰਬਿਕਾ ਰੌਤੇਲਾ, ਡਾ. ਕਮਲਪ੍ਰੀਤ ਕੌਰ, ਡਾ. ਰਸਮੀ ਉਪਰੇਤਿਆ, ਡਾ. ਵਿਸ਼ਾਲ ਬੈਕਟਰ ਅਤੇ ਡਾ. ਪ੍ਰਾਚੀ ਬਿਸ਼ਟ ਦੁਆਰਾ ਭਰਪੂਰ ਸਹਿਯੋਗ ਦਿੱਤਾ ਗਿਆ ਸੀ।