ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲੇ ਵਿੱਚ ਭਰਵਾਂ ਇਕੱਠ ਜੁੜਿਆ

  • ਪੀ ਏ ਯੂ ਮਾਹਿਰਾਂ ਨਾਲ ਜੁੜਨ ਤੇ ਅਮਲ ਕਰਨ ਨਾਲ ਹੀ ਖੇਤੀ ਦੀ ਬਿਹਤਰੀ ਸੰਭਵ  : ਸ਼੍ਰੀ ਮਲਵਿੰਦਰ ਸਿੰਘ ਕੰਗ 

ਲੁਧਿਆਣਾ 6 ਸਤੰਬਰ 2024 : ਪੀ.ਏ.ਯੂ. ਦੇ ਡਾ ਡੀ ਆਰ ਭੁੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਅੱਜ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਕੰਢੀ ਖੇਤਰ ਵਿਚ ਫ਼ਸਲਾਂ ਦੀ ਕਾਸ਼ਤ ਤੋਂ ਲੈ ਕੇ ਆਉਣ ਵਾਲੀਆਂ ਸਮੱਸਿਆਵਾਂ, ਕੀੜਿਆਂ ਅਤੇ ਬਿਮਾਰੀਆਂ ਬਾਰੇ ਯੂਨੀਵਰਸਿਟੀ ਮਾਹਿਰਾਂ ਨੇ ਇਲਾਕੇ ਦੇ ਕਿਸਾਨਾਂ ਨਾਲ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ।  ਕਿਸਾਨ ਮੇਲੇ ਦੇ ਸ਼ੁਰੂਆਤੀ ਸੈਸ਼ਨ ਮੁੱਖ ਮਹਿਮਾਨ ਵਜੋਂ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ। ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਸ ਮਲਵਿੰਦਰ ਸਿੰਘ ਕੰਗ ਸ਼ਾਮਿਲ ਹੋਏ। ਨਾਲ ਹੀ ਹਲਕਾ ਬਲਾਚੌਰ ਤੋਂ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ, ਜ਼ਿਲ੍ਹਾ ਐੱਸ ਬੀ ਐੱਸ ਨਗਰ ਦੇ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸਤਨਾਮ ਜਲਾਲਪੁਰ ਅਤੇ ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਨਾਲ ਅਗਾਂਹਵਧੂ ਕਿਸਾਨ ਸ ਮਹਿੰਦਰ ਸਿੰਘ ਦੁਸਾਂਝ ਅਤੇ ਸ਼੍ਰੀਮਤੀ ਮਨਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ਼੍ਰੀ ਮਲਵਿੰਦਰ ਸਿੰਘ ਕੰਗ ਨੇ ਹਾਜ਼ਰ ਕਿਸਾਨਾਂ ਅਤੇ ਮਾਹਿਰਾਂ ਨੂੰ ਸੰਬੋਧਿਤ ਹੁੰਦਿਆਂ ਖੇਤੀ ਦੇ ਵਿਕਾਸ ਦੇ ਇਸ ਕੁੰਭ ਵਿਚ ਪੁੱਜਣ ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ 75 ਸੰਸਥਾਵਾਂ ਵਿਚੋਂ ਸਿਖਰ ਤੇ ਰਹਿਣਾ ਪੀ ਏ ਯੂ ਦੀ ਪ੍ਰਾਪਤੀ ਹੈ ਤੇ ਇਸ ਯੂਨੀਵਰਸਿਟੀ ਦੀ ਪਛਾਣ ਕੌਮਾਂਤਰੀ ਹੈ, ਕਿਉਂਕਿ ਇਹ ਸੰਸਥਾ ਪੰਜਾਬ ਦੇ ਕਿਸਾਨਾਂ ਦੀ ਰੋਜ਼ੀ ਰੋਟੀ ਦੇ ਮਸਲੇ ਨਾਲ ਜੁੜੀ ਹੋਈ ਹੈ। ਪੀ ਏ ਯੂ ਵਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਬਾਰੇ ਤਜਰਬੇ ਜ਼ਾਹਿਰ ਕਰਦਿਆਂ ਸ਼੍ਰੀ ਕੰਗ ਨੇ ਇਸਨੂੰ ਖੇਤੀ ਵਿਗਿਆਨ ਦਾ ਕੋਸ਼ ਆਖਿਆ। ਉਨ੍ਹਾਂ ਕਿਸਾਨਾਂ ਨੂੰ ਪੀ ਏ ਯੂ ਨਾਲ ਜੁੜਨ ਤੇ ਮਾਹਿਰਾਂ ਦੀਆਂ ਰਾਵਾਂ ਉੱਪਰ ਅਮਲ ਕਰਨ ਲਈ ਕਿਹਾ। ਪਾਣੀ ਦੀ ਸੁਚੱਜੀ ਵਰਤੋਂ ਸੰਬੰਧੀ ਸ਼੍ਰੀ ਮਲਵਿੰਦਰ ਸਿੰਘ ਕੰਗ ਨੇ ਕੈਲੇਫੋਰਨੀਆ ਦੀ ਉਦਾਹਰਨ ਦਿੱਤੀ ਤੇ ਪੰਜਾਬੀ ਕਿਸਾਨਾਂ ਨੂੰ ਜ਼ਮੀਨਾਂ ਸਾਂਭਣ ਤੇ ਵਾਤਾਵਰਨ ਦੀ ਬਿਹਤਰੀ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੁਨੀਆਂ ਦੀ ਬੜੀ ਕੀਮਤੀ ਜ਼ਮੀਨ ਵਾਲਾ ਖਿੱਤਾ ਹੈ। ਏਥੋਂ ਦੇ ਲੋਕ ਕਿਰਤ ਦੀ ਵਿਰਾਸਤ ਦੇ ਵਾਰਿਸ ਹਨ। ਆਪਣੀ ਵਿਰਾਸਤ ਤੋਂ ਟੁੱਟਣਾ ਕਿਸੇ ਕੌਮ ਲਈ ਘਾਤਕ ਹੁੰਦਾ ਹੈ। ਘਰੇਲੂ ਖਰਚੇ ਘਟਾਉਣ ਤੇ ਲੋੜ ਜੋਗੀਆਂ ਸਬਜ਼ੀਆਂ ਤੇ ਫਲ ਪੈਦਾ ਕਰਨ ਲਈ ਸ਼੍ਰੀ ਕੰਗ ਨੇ ਕਿਸਾਨਾਂ ਨੂੰ ਜ਼ੋਰਦਾਰ ਸ਼ਬਦਾਂ ਨਾਲ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਅਤੇ ਖੇਤੀਬਾੜੀ ਕਾਲਜ ਲਈ ਹਰ ਸਮੇਂ ਹਰ ਸੰਭਵ ਸਹਿਯੋਗ ਲਈ ਤਤਪਰ ਰਹਿਣ ਦੀ ਭਾਵਨਾ ਪ੍ਰਗਟਾਈ। ਵਾਈਸ ਚਾਂਸਲਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਖਰਾਬ ਮੌਸਮ ਦੇ ਬਾਵਜੂਦ ਕਿਸਾਨ ਵੀਰਾਂ ਤੇ ਭੈਣਾਂ ਦਾ ਹੁੰਮ ਹੁਮਾ ਕੇ ਪੁੱਜਣਾ ਯੂਨੀਵਰਸਿਟੀ ਉੱਪਰ ਭਰੋਸੇ ਨੂੰ ਦ੍ਰਿੜ ਕਰਦਾ ਹੈ। ਮੇਲਿਆਂ ਦੇ ਉਦੇਸ਼ ਬਾਰੇ ਗੱਲ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਲਈ ਬਹੁਤ ਸਾਰੇ ਰੁੱਖ ਲਾਉਣ ਦੀ ਲੋੜ ਹੈ। ਕੰਢੀ ਦੇ ਨੀਮ ਪਹਾੜੀ ਇਲਾਕੇ ਦੇ ਖੇਤਰੀ ਖੋਜ ਕੇਂਦਰ ਅਤੇ ਏਥੇ ਸਥਾਪਿਤ ਖੇਤੀਬਾੜੀ ਕਾਲਜ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਇਸ ਕੇਂਦਰ ਨਾਲ ਜੁੜ ਕੇ ਆਪਣੀ ਖੇਤੀ ਦੀ ਵਿਉਂਤਬੰਦੀ ਕਰਨ ਲਈ ਕਿਹਾ। ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀਆਂ ਕਿਸਮਾਂ ਦੀ ਕਾਸ਼ਤ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਯੂਨੀਵਰਸਿਟੀ ਵਲੋਂ ਦੱਸੀਆਂ ਕਿਸਮਾਂ ਦੀ ਬਿਜਾਈ ਲਈ ਕਿਹਾ, ਅਤੇ ਘੱਟੋ ਘੱਟ ਘਰੇਲੂ ਵਰਤੋਂ ਲਈ ਚਪਾਤੀ ਵਾਲੀ ਕਿਸਮ ਨੂੰ ਲਾਜ਼ਮੀ ਤੌਰ ਤੇ ਬੀਜਣ ਦੀ ਪ੍ਰੇਰਨਾ ਦਿੱਤੀ। ਘਰੇਲੂ ਵਰਤੋਂ ਲਈ ਛੋਲਿਆਂ, ਕਨੋਲਾ ਕਿਸਮਾਂ, ਚਾਰੇ ਲਈ ਜਵੀ ਤੇ ਬਰਸੀਮ ਦੀਆਂ ਪੀ ਏ ਯੂ ਵਲੋਂ ਵਿਕਸਿਤ ਕਿਸਮਾਂ ਬਾਰੇ ਵੀ ਡਾ ਗੋਸਲ ਨੇ ਵਿਸਥਾਰ ਨਾਲ ਗੱਲ ਕੀਤੀ। ਪੀ ਏ ਯੂ ਵਲੋਂ ਸਬਜ਼ੀਆਂ ਤੇ ਚਾਰਿਆਂ ਦੀਆਂ ਕਿੱਟਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਇਹਨੂੰ ਛੋਟੇ ਕਿਸਾਨਾਂ ਦੀ ਬਿਹਤਰੀ ਦਾ ਪੈਕਜ ਆਖਿਆ। ਨਾਲ ਹੀ ਹਾੜ੍ਹੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ ਤੇ ਕੀੜਿਆਂ ਦੀ ਸੁਚੱਜੀ ਰੋਕਥਾਮ ਲਈ ਮਾਹਿਰਾਂ ਨਾਲ ਜੁੜਨ ਨੂੰ ਸਮੇਂ ਦੀ ਮੰਗ ਦੱਸਿਆ। ਡਾ ਗੋਸਲ ਨੇ ਪਰਵਾਸੀ ਪੰਜਾਬੀ ਕਿਸਾਨਾਂ ਵਲੋਂ ਬਦੇਸ਼ ਵਿਚ ਖੇਤੀ ਵਿਚ ਹਾਸਿਲ ਕੀਤੀ ਸਫਲਤਾ ਨੂੰ ਕਿਰਤ ਤੇ ਕਿਰਸ ਦੇ ਸੁਮੇਲ ਨਾਲ ਅਪਣਾਈ ਜੀਵਨ ਜਾਚ ਕਿਹਾ। ਉਨ੍ਹਾਂ ਕਿਹਾ ਕਿ ਇਹੀ ਮਾਡਲ ਪੰਜਾਬ ਦੇ ਕਿਸਾਨਾਂ ਨੂੰ ਅਪਣਾਉਣ ਦੀ ਲੋੜ ਹੈ। ਡਾ ਗੋਸਲ ਨੇ ਸਥਾਨਕ ਖੇਤੀਬਾੜੀ ਕਾਲਜ ਵਿਚ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਦਾਖਲੇ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੇਲਿਆਂ ਵਿਚ ਹਰੇਕ ਛਮਾਹੀ ਜੁੜਨ ਦੇ ਨਾਲ ਹੀ ਕਿਸਾਨ ਸੋਸ਼ਲ ਮੀਡੀਆ ਦੇ ਜ਼ਰੀਏ ਲਗਾਤਾਰ ਪੀ ਏ ਯੂ ਨਾਲ ਜੁੜੇ ਰਹਿਣ। ਅੰਤ ਵਿੱਚ ਵਾਈਸ ਚਾਂਸਲਰ ਨੇ ਖੇਤੀ ਖਰਚਿਆਂ ਨੂੰ ਕਾਬੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਆਰਥਿਕ ਤੌਰ ਤੇ ਸਮਾਜ ਨੂੰ ਸਾਵਾਂ ਕੀਤਾ ਜਾ ਸਕੇ। ਖੇਤੀ ਦੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤਕ ਪੁਚਾਉਣ ਲਈ ਇਸਨੂੰ ਲਾਹੇਵੰਦ ਕਿੱਤਾ ਬਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਡਾ ਗੋਸਲ ਨੇ ਖੇਤੀ ਦੇ ਸਮੁੱਚੇ ਵਿਹਾਰ ਨੂੰ ਬਦਲਣ ਦਾ ਸੱਦਾ ਵੀ ਦਿੱਤਾ। ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਭਾਰੀ ਗਿਣਤੀ ਵਿਚ ਆਏ ਕਿਸਾਨਾਂ ਨੂੰ ਨਵੀਆਂ ਖੇਤੀ ਜਾਣਕਾਰੀਆਂ ਲਈ ਯੂਨੀਵਰਸਿਟੀ ਮਾਹਿਰਾਂ ਦੀ ਜਾਣਕਾਰੀ ਦਾ ਲਾਭ ਲੈਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਫ਼ਸਲਾਂ ਦੀ ਕਾਸ਼ਤ, ਕੀੜਿਆਂ ਤੇ ਬਿਮਾਰੀਆਂ ਤੋਂ ਬਚਾਅ ਲਈ ਮਾਹਿਰਾਂ ਵਲੋਂ ਪੇਸ਼ ਵਿਚਾਰਾਂ ਦੀ ਸ਼ਲਾਘਾ ਕੀਤੀ। ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਨੇ ਆਪਣੇ ਭਾਸ਼ਣ ਵਿਚ ਪੀ ਏ ਯੂ ਨੂੰ ਐਨ ਆਈ ਆਰ ਐੱਫ ਦੀ ਰੈਂਕਿੰਗ ਵਿਚ ਸਿਖਰ ਤੇ ਰਹਿਣ ਨੂੰ ਮਾਹਿਰਾਂ ਦੀ ਮਿਹਨਤ ਤੇ ਕਿਸਾਨਾਂ ਦੀ ਲਗਨ ਦਾ ਸਿੱਟਾ ਕਿਹਾ। ਨਾਲ ਹੀ ਸਫ਼ਾਈ ਤੇ ਹਰਿਆਲੀ ਲਈ ਯੂਨੀਵਰਸਿਟੀ ਨੂੰ ਸ਼ਹੀਦ ਭਗਤ ਸਿੰਘ ਐਵਾਰਡ ਮਿਲਣ ਤੇ ਵੀ ਸੰਬੰਧਿਤ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਤੋਂ ਬਾਅਦ ਫ਼ਸਲਾਂ ਦੇ ਝਾੜ ਵਿਚ ਵਾਧੇ ਨਾਲ ਕੁਦਰਤੀ ਸਰੋਤਾਂ ਨੂੰ ਢਾਹ ਲੱਗੀ ਹੈ। ਇਸ ਲਈ ਪਾਣੀ ਦੀ ਸੰਭਾਲ ਲਈ ਕਿਸਾਨਾਂ ਨੂੰ ਯੂਨੀਵਰਸਿਟੀ ਮਾਹਿਰਾਂ ਦੀਆਂ ਤਜ਼ਵੀਜਾਂ ਦੀ ਪਾਲਣਾ ਦੀ ਲੋੜ ਹੈ। ਡਾ ਅਸ਼ੋਕ ਕੁਮਾਰ ਨੇ ਝੋਨੇ ਕਣਕ ਦੇ ਬਦਲ ਤਲਾਸ਼ਣ ਲਈ ਕਿਸਾਨਾਂ ਨੂੰ ਅਗਾਂਹਵਧੂ ਹੋਣ ਤੇ ਜਿਣਸਾਂ ਤੋਂ ਉਤਪਾਦ ਬਣਾਉਣ ਲਈ ਯਤਨਸ਼ੀਲ ਹੋਣ ਲਈ ਕਿਹਾ। ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਵੱਲ ਤੁਰਨ ਦੀ ਲੋੜ ਬਾਰੇ ਵੀ ਉਨ੍ਹਾਂ ਆਪਣੇ ਵਿਚਾਰ ਪੇਸ਼ ਕੀਤੇ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੀ ਹਾੜ੍ਹੀ ਰੁੱਤ ਲਈ ਵਿਸ਼ੇਸ਼ ਤੌਰ ਤੇ ਕੰਢੀ ਖੇਤਰ ਲਈ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਾਲ ਹੀ ਉਨ੍ਹਾਂ ਪੀ ਏ ਯੂ ਵਲੋਂ ਵਿਕਸਿਤ ਕੀਤੀਆਂ 900 ਕਿਸਮਾਂ ਅਤੇ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ 250 ਕਿਸਮਾਂ ਦਾ ਹਵਾਲਾ ਦਿੱਤਾ। ਇਸ ਲਿਹਾਜ਼ ਨਾਲ ਪੀ ਏ ਯੂ ਇਕੱਲੇ ਪੰਜਾਬ ਸੂਬੇ ਲਈ ਨਹੀਂ ਪੂਰੇ ਦੇਸ਼ ਦੀ ਖੇਤੀ ਦੇ ਵਿਕਾਸ ਲਈ ਤੱਤਪਰ ਰਹੀ ਹੈ। ਉਨ੍ਹਾਂ ਨੇ ਨਵੀਆਂ ਕਿਸਮਾਂ , ਉਤਪਾਦਨ ਤਕਨੀਕਾਂ ਅਤੇ ਪੌਦ ਸੁਰੱਖਿਆ ਬਾਰੇ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ । ਕਣਕ ਦੀ ਪਿਛਲੇ ਸਾਲ ਜਾਰੀ ਕੀਤੀ ਕਿਸਮ ਪੀ ਬੀ ਡਬਲਯੂ 826 ਨੂੰ ਉਨ੍ਹਾਂ ਨੇ ਜੰਮੂ ਤੋਂ ਕਲਕੱਤੇ ਤਕ ਕਾਸ਼ਤ ਵਿਚ ਸਫਲਤਾ ਹਾਸਿਲ ਕਰਨ ਵਾਲੀ ਕਿਸਮ ਕਿਹਾ। ਡਾ ਢੱਟ ਨੇ ਨਵੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਕਣਕ ਦੀ ਬਿਸਕੁਟ ਬਣਾਉਣ ਲਈ ਲਾਭਕਾਰੀ ਕਿਸਮ ਪੀ ਬੀ ਡਬਲਯੂ ਬਿਸਕੁਟ-1 ਨੂੰ ਵਿਸ਼ੇਸ਼ਤਾ ਨਾਲ ਪੇਸ਼ ਕੀਤਾ। ਉਨਾਂ ਕਿਹਾ ਕਿ ਇਸ ਕਿਸਮ ਨੂੰ ਬਿਸਕੁਟ ਅਤੇ ਕੁਕੀਜ਼ ਬਣਾਉਣ ਲਈ ਉਦਯੋਗਾਂ ਨਾਲ ਕੀਤੇ ਗਏ ਸਾਂਝੇ ਤਜਰਬਿਆਂ ਤੋਂ ਬਾਅਦ ਸਿਫਾਰਿਸ਼ ਕੀਤਾ ਜਾ ਰਿਹਾ ਹੈ। ਨਾਲ ਹੀ ਰੋਟੀ ਲਈ ਢੁਕਵੀਂ ਕਿਸਮ ਪੀ ਬੀ ਡਬਲਯੂ ਚਪਾਤੀ 1 ਦੀ ਸਿਫਾਰਿਸ਼ ਵੀ ਕਾਸ਼ਤ ਲਈ ਕੀਤੀ ਗਈ।ਇਸ ਤੋਂ ਇਲਾਵਾ ਰਾਇਆ ਸਰੋਂ ਦੀ ਕਿਸਮ ਪੀ ਐਚ ਆਰ 127, ਗੋਭੀ ਸਰੋਂ ਦੀ ਕਿਸਮ ਪੀ ਜੀ ਐਸ ਐਚ 2155 ਅਤੇ ਜਵੀ ਦੀ ਇੱਕ ਕਟਾਈ ਦੇਣ ਵਾਲੀ ਅਤੇ ਵੱਧ ਝਾੜ ਦੇਣ ਵਾਲੀ ਕਿਸਮ ਓ ਐਲ 17 ਦੀ ਸਿਫਾਰਿਸ਼ ਵੀ ਨਵੀਆਂ ਕਿਸਮਾਂ ਵਜੋਂ ਕੀਤੀ ਗਈ। ਉਤਪਾਦਨ ਤਕਨੀਕਾਂ ਦਾ ਜ਼ਿਕਰ ਕਰਦਿਆਂ ਨਿਰਦੇਸ਼ਕ ਖੋਜ ਨੇ ਪਾਣੀ ਦੀ ਬਚਤ ਲਈ ਪੀ ਏ ਯੂ ਵਲੋਂ ਨਰਮਾ ਅਤੇ ਗੋਭੀ ਸਰੋਂ ਵਿਚ ਜ਼ਮੀਨ ਦੋਜ਼ ਪਾਈਪਾਂ ਨਾਲ ਤੁਪਕਾ ਸਿੰਚਾਈ ਦੀ ਸਿਫਾਰਿਸ਼ ਕਿਸਾਨਾਂ ਸਾਮ੍ਹਣੇ ਰੱਖੀ। ਨੀਮ ਪਹਾੜੀ ਇਲਾਕਿਆਂ ਵਿਚ ਕਣਕ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਤਾਕਤ ਨਾਂ ਦੀ ਦਵਾਈ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਾਇਆ ਗਿਆ। ਇਸ ਤੋਂ ਇਲਾਵਾ ਪਾਣੀ ਖੜਨ ਨਾਲ ਮਸਰਾਂ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਵੱਟਾਂ ਉੱਪਰ ਬਿਜਾਈ ਦੀ ਨਵੀਂ ਤਕਨੀਕ ਵੀ ਸਾਂਝੀ ਕੀਤੀ ਗਈ। ਪੌਦ ਸੁਰੱਖਿਆ ਤਕਨੀਕਾਂ ਦੀਆਂ ਨਵੀਆਂ ਸਿਫਾਰਿਸ਼ਾਂ ਬਾਰੇ ਦੱਸਦਿਆਂ ਨਿਰਦੇਸ਼ਕ ਖੋਜ ਨੇ ਕਣਕ ਵਿੱਚ ਬਿਜਾਈ ਤੋਂ ਇੱਕ ਮਹੀਨੇ ਬਾਅਦ ਖੱਟੀ ਲੱਸੀ ਦੇ ਛਿੜਕਾਅ ਨਾਲ ਪੀਲੀ ਕੁੰਗੀ ਦੀ ਰੋਕਥਾਮ ਦੀ ਤਜਵੀਜ਼ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਗਰਮ ਰੁੱਤ ਦੀ ਮੂੰਗੀ ਵਿੱਚ ਥਰਿੱਪ ਦੀ ਰੋਕਥਾਮ ਲਈ ਫੁੱਲ ਪੈਣ ਵੇਲੇ ਨੀਲੇ ਟਰੈਪ ਵਰਤਣ ਨੂੰ ਵੀ ਬਿਹਤਰ ਹੱਲ ਵਜੋਂ ਪੇਸ਼ ਕੀਤਾ ਗਿਆ। ਉਲਟਾਵੇਂ ਹਲ ਦੀ ਵਹਾਈ ਸਮੇਂ ਡਲਿਆਂ ਤੋਂ ਬਚਾਅ ਲਈ ਨਾਲ ਵਾਧੂ ਸੰਦ ਜੋੜਨ ਬਾਰੇ ਖੋਜ ਵੀ ਸਾਂਝੀ ਕੀਤੀ ਗਈ। ਜੈਵਿਕ ਖੇਤੀ ਵਿਚ ਤੇਲ ਬੀਜ ਫਸਲਾਂ ਉੱਪਰ ਚੇਪੇ ਦਾ ਹਮਲਾ ਸ਼ੁਰੂ ਹੋਣ ਤੋਂ ਬਾਅਦ ਪੀਏਯੂ ਨਿੰਮ ਦੇ ਘੋਲ ਦੇ ਛਿੜਕਾਅ ਦੇ ਨਾਲ ਹੀ ਨਿਰਦੇਸ਼ਕ ਖੋਜ ਨੇ ਖੇਤੀ ਮਸ਼ੀਨਰੀ ਸੰਬੰਧੀ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ। ਪਰਾਲੀ ਨੂੰ ਖੇਤ ਵਿਚ ਵਾਹੁਣ ਨਾਲ ਖਾਦਾਂ ਦੇ ਖਰਚ ਘਟਣ ਬਾਰੇ ਵੀ ਦੱਸਿਆ ਗਿਆ। ਇਸ ਇਲਾਕੇ ਵਿਚ ਪੀਲੀ ਕੁੰਗੀ ਦੇ ਖਤਰੇ ਕਾਰਨ ਕਿਸਾਨਾਂ ਨੂੰ ਕਣਕ ਦੀਆਂ ਸਿਫਾਰਸ਼ੀ ਕਿਸਮਾਂ ਦੀ ਹੀ ਬਿਜਾਈ ਲਈ ਡਾ ਢੱਟ ਨੇ ਇਕੱਠ ਨੂੰ ਅਪੀਲ ਕੀਤੀ।  ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੇਲੇ ਵਿੱਚ ਸ਼ਾਮਿਲ ਹੋਣ ਵਾਲੇ ਮਾਹਿਰਾਂ, ਵਿਦਿਆਰਥੀਆਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ । ਕਿਸਾਨ ਮੇਲਿਆਂ ਦੇ ਉਦੇਸ਼ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਪੀ ਏ ਯੂ ਦੀ ਪਹਿਲਕਦਮੀ ਰਿਹਾ ਹੈ। ਇਨ੍ਹਾਂ ਮੇਲਿਆਂ ਦਾ ਮੰਤਵ ਵੀ ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਓ ਰੱਖਿਆ ਗਿਆ ਹੈ। ਡਾ ਭੁੱਲਰ ਨੇ ਕਿਹਾ ਕਿ ਪੀ ਏ ਯੂ ਦਾ ਲਗਾਤਾਰ ਦੂਜੇ ਸਾਲ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣਨਾ ਕਿਸਾਨਾਂ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਰਸਾਇਣਾਂ ਦੀ ਵਰਤੋਂ ਘੱਟ ਕਰਕੇ ਗੈਰ ਰਸਾਇਣਿਕ ਢੰਗਾਂ ਨਾਲ ਖੇਤੀ ਉਤਪਾਦਨ ਤਕਨੀਕਾਂ ਅਪਣਾਉਣ ਲਈ ਪੀ ਏ ਯੂ ਤੋਂ ਅਗਵਾਈ ਲੈਣ ਦੀ ਅਪੀਲ ਕੀਤੀ। ਨਾਲ ਹੀ ਡਾ ਭੁੱਲਰ ਨੇ ਖੇਤੀ ਸਹਾਇਕ ਕਿੱਤਿਆਂ ਤੋਂ ਆਮਦਨ ਲੈਣ ਲਈ ਸਹਾਇਕ ਧੰਦੇ ਅਪਣਾਉਣ ਬਾਰੇ ਵੀ ਉਸਾਰੂ ਵਿਚਾਰ ਪ੍ਰਗਟਾਏ। ਬੱਲੋਵਾਲ ਸੌਂਖੜੀ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਧੰਨਵਾਦ ਦੇ ਸ਼ਬਦ ਕਹੇ। ਸਮੁੱਚੇ ਸੈਸ਼ਨ ਦੀ ਕਾਰਵਾਈ ਅਪਰ ਨਿਰੇਦਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਨੇ ਬਾਖੂਬੀ ਚਲਾਈ। ਬੱਲੋਵਾਲ ਸੌਂਖੜੀ ਕਾਲਜ ਦੇ ਖੇਤੀਬਾੜੀ ਕਾਲਜ ਦੇ  ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ। ਇਸ ਮੌਕੇ ਪ੍ਰਧਾਨਗੀ ਮੰਡਲ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਿਤਾਬ ਨੂੰ ਜਾਰੀ ਕੀਤਾ। ਇਸ ਸਮਾਰੋਹ ਦੌਰਾਨ ਖੇਤੀ ਖੇਤਰ ਵਿਚ ਆਪਣੀ ਅਗਾਂਹਵਧੂ ਸੋਚ ਨਾਲ ਨਵੀਆਂ ਪੈੜਾਂ ਪਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਸ਼੍ਰੀ ਨਰਿੰਦਰ ਸਿੰਘ, ਪਿੰਡ ਅਜੋਵਾਲ, ਹੁਸ਼ਿਆਰਪੁਰ, ਸ਼੍ਰੀ ਅਵਤਾਰ ਸਿੰਘ, ਪਿੰਡ ਸੱਧਰਾ, ਹੁਸ਼ਿਆਰਪੁਰ, ਸ਼੍ਰੀ ਮਨਦੀਪ ਸਿੰਘ, ਪਿੰਡ ਕਲੇਰ, ਐਸ.ਬੀ.ਐਸ.ਨਗਰ, ਸ਼੍ਰੀ ਨਰੇਸ਼ ਕੁਮਾਰ, ਪਿੰਡ ਕਾਂਜਰ, ਨੂਰਪੁਰ ਬੇਦੀ,ਸ਼੍ਰੀ ਰਸ਼ਪਾਲ ਰਾਣਾ, ਪਿੰਡ ਹਰਵਾਨ, ਹੁਸ਼ਿਆਰਪੁਰ,ਸ਼੍ਰੀ ਮੁਕੇਸ਼ ਕੁਮਾਰ, ਪਿੰਡ ਕੰਬਾਲਾ ਹੁਸ਼ਿਆਰਪੁਰ ਦਾ ਨਾਮ ਜ਼ਿਕਰਯੋਗ ਹੈ। ਇਸ ਮੌਕੇ ਡਾ ਦੇਵ ਰਾਜ ਭੁੰਬਲਾ ਸਕਾਲਰਸ਼ਿਪ ਵੀ ਕੁਝ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ। ਇਨ੍ਹਾਂ ਵਿਚ ਮੀਨਲ ਫਾਗਣਾ (ਬੈਚ 2021), ਅਮਨਜੋਤ ਕੌਰ (ਬੈਚ 2022), ਚਾਹਤਪ੍ਰੀਤ ਕੌਰ (ਬੈਚ 2023) ਪ੍ਰਮੁੱਖ ਵਿਦਿਆਰਥੀ ਸਨ। ਕਿਸਾਨਾਂ ਨੇ ਖੇਤੀ ਦੀ ਮਸ਼ੀਨਰੀ, ਫ਼ਸਲਾਂ ਦੇ ਬੀਜਾਂ, ਫਲਦਾਰ ਬੂਟਿਆਂ ਅਤੇ ਸਬਜ਼ੀਆਂ ਦੇ ਬੀਜਾਂ ਤੋਂ ਇਲਾਵਾ ਖੇਤੀ ਸਾਹਿਤ ਖਰੀਦਣ ਵਿਚ ਖਾਸ ਦਿਲਚਸਪੀ ਵਿਖਾਈ।  ਪੀ ਏ ਯੂ ਦੇ ਵੱਖ ਵੱਖ ਵਿਭਾਗਾਂ ਦੇ ਨਾਲ ਹੀ ਨਿੱਜੀ ਅਦਾਰਿਆਂ ਵਲੋਂ ਵੀ ਖੇਤੀ ਸੰਦਾਂ ਅਤੇ ਬੀਜਾਂ ਦੀਆਂ ਸਟਾਲਾਂ ਲਾ ਕੇ ਕਿਸਾਨੀ ਸਮਾਜ ਨੂੰ ਜਾਣਕਾਰੀ ਮੁਹਈਆ ਕਰਾਈ ਗਈ