ਪੀ.ਏ.ਯੂ. ਵਿੱਚ ਲਾਖ ਦੇ ਕੀੜੇ ਬਾਰੇ ਜਾਗਰੂਕਤਾ ਦਿਹਾੜਾ ਮਨਾਇਆ

ਲੁਧਿਆਣਾ, 17 ਮਈ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਲਾਖ ਦੇ ਕੀੜੇ ਸੰਬੰਧੀ ਦੂਜਾ ਰਾਸ਼ਟਰੀ ਦਿਹਾੜਾ ਮਨਾਇਆ | ਇਸ ਸਮਾਗਮ ਦਾ ਉਦੇਸ਼ ਲਾਖ ਦੇ ਕੀੜੇ ਸੰਬੰਧੀ ਜਾਣਕਾਰੀ ਦੇ ਕੇ ਇਸ ਦੀ ਸਮਾਜ-ਆਰਥਕ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸੀ | ਇਹ ਸਮਾਗਮ ਆਈ ਸੀ ਏ ਆਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸੈਕੰਡਰੀ ਐਗਰੀਕਲਚਰ (ਰਾਂਚੀ) ਦੀ ਸਹਾਇਤਾ ਨਾਲ ਲਾਖ ਦੇ ਕੀੜੇ ਦੇ ਜੀਨ ਸਰੋਤਾਂ ਦੀ ਸੰਭਾਲ ਦੇ ਪ੍ਰੋਜੈਕਟ ਵਜੋਂ ਕਰਵਾਇਆ ਗਿਆ | ਇਸ ਸਮਾਗਮ ਵਿੱਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ 83 ਵਿਦਿਆਰਥੀ ਸ਼ਾਮਲ ਹੋਏ |ਇਸ ਪੋ੍ਰਜੈਕਟ ਦੇ ਨਿਗਰਾਨ ਤੇ ਸੀਨੀਅਰ ਕੀਟ ਵਿਗਿਆਨੀ ਡਾ. ਪੀ ਐੱਸ ਸ਼ੇਰਾ ਨੇ ਦੱਸਿਆ ਕਿ ਲਾਖ ਕੁਦਰਤੀ, ਨਵਿਆਉਣਯੋਗ, ਜੈਵਿਕ ਤੇ ਵਾਤਾਵਰਣ ਪੱਖੀ ਇਕਾਈ ਹੈ | ਉਹਨਾਂ ਕਿਹਾ ਕਿ ਲਾਖ ਜੀਵਨ ਦੇ ਵੱਖੋ-ਵੱਖ ਖੇਤਰਾਂ ਵਿੱਚ ਵਰਤੇ ਜਾਣ ਦੀ ਯੋਗਤਾ ਕਾਰਨ ਇਸ ਕੀੜੇ ਨੂੰ ਬੇਹੱਦ ਲਾਭਕਾਰੀ ਗਿਣਿਆ ਗਿਆ ਹੈ | ਉਹਨਾਂ ਦੱਸਿਆ ਕਿ ਪੀ.ਏ.ਯੂ. ਨੇ ਲਾਖ ਦੇ ਕੀੜੇ ਦੀ ਕੁਦਰਤੀ ਸੰਭਾਲ ਲਈ ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 15 ਪੌਦਿਆਂ ਦੀ ਪਛਾਣ ਕੀਤੀ ਹੈ ਅਤੇ ਖੇਤਰੀ ਪੱਧਰ ਤੇ ਲਾਖ ਦੇ ਕੀੜੇ ਦਾ ਅਜਾਇਬ ਘਰ ਅਤੇ ਜੀਨ ਬੈਂਕ ਤਿਆਰ ਕੀਤਾ ਹੈ| ਪ੍ਰਮੁੱਖ ਕੀਟ ਵਿਗਿਆਨ ਡਾ. ਕਮਲਦੀਪ ਸਿੰਘ ਸਾਂਘਾ ਨੇ ਕਿਹਾ ਕਿ ਲਾਖ ਦਾ ਕੀੜਾ ਕੁਦਰਤ ਵੱਲੋਂ ਮਨੁੱਖ ਲਈ ਬਹੁਤ ਕੀਮਤੀ ਤੋਹਫਾ ਹੈ ਅਤੇ ਇਸਦੀ ਵਰਤੋਂ ਸਰਫੇਸ ਕੋਟਿੰਗ ਅਤੇ ਫ਼ਲਾਂ ਉੱਪਰ ਲੇਪ ਲਾਉਣ ਲਈ ਕੀਤੀ ਜਾ ਸਕਦੀ ਹੈ | ਇਸ ਤੋਂ ਬਿਨਾਂ ਦਵਾਈਆਂ ਅਤੇ ਸ਼ਿੰਗਾਰ ਉਦਯੋਗ ਤੋਂ ਇਲਾਵਾ ਭੋਜਨ, ਚਮੜੇ ਅਤੇ ਬਿਜਲਈ ਸਮਾਨ ਵਿੱਚ ਇਸ ਦੀ ਵਰਤੋਂ ਹੁੰਦੀ ਹੈ | ਉਹਨਾਂ ਇਹ ਵੀ ਦੱਸਿਆ ਕਿ ਇਸ ਕੀੜੇ ਦੀ ਪੈਦਾਵਾਰ ਬਾਗਬਾਨੀ ਫਸਲਾਂ ਅਤੇ ਹੋਰ ਕਈ ਖੇਤੀ ਕਿਸਮਾਂ ਤੇ ਹੋ ਸਕਦੀ ਹੈ ਅਤੇ ਇਸਦੀ ਵਰਤੋਂ ਅਤੇ ਪੈਦਾਵਾਰ ਲਈ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ | ਵਿਭਾਗ ਦੇ ਮੁਖੀ ਡਾ. ਡੀ ਕੇ ਸ਼ਰਮਾ ਨੇ ਲਾਖ ਦੇ ਕੀੜੇ ਦੀ ਸੰਭਾਲ ਨੂੰ ਅਜੋਕੇ ਸਮੇਂ ਦੀ ਲੋੜ ਕਿਹਾ ਤੇ ਇਸਦੀ ਸੰਭਾਲ ਲਈ ਯਤਨਾਂ ਦੀ ਹਮਾਇਤ ਕੀਤੀ | ਇਸ ਮੌਕੇ ਕੀਟ ਵਿਗਿਆਨੀ ਸੁਧੇਂਦੂ ਸ਼ਰਮਾ ਨੇ ਲਾਖ ਦੇ ਕੀੜੇ ਦੀ ਵਪਾਰਕ ਪੈਦਾਵਾਰ ਬਾਰੇ ਵਿਸ਼ੇਸ਼ ਭਾਸ਼ਣ ਵੀ ਦਿੱਤਾ | ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਦੇਣ ਲਈ ‘ਲਾਖ ਦੇ ਕੀੜੇ ਦੇ ਪਾਰਕ’ ਦਾ ਦੌਰਾ ਵੀ ਕਰਵਾਇਆ ਗਿਆ | ਇਸ ਦੌਰਾਨ ਲਾਖ ਦੇ ਕੀੜੇ ਦੇ ਜੀਵਨ ਚੱਕਰ ਦੇ ਨਾਲ-ਨਾਲ ਉਨ•ਾਂ ਪੌਦਿਆਂ ਬਾਰੇ ਵੀ ਦੱਸਿਆ ਗਿਆ ਜਿਨ•ਾਂ ’ਤੇ ਇਹ ਕੀੜਾ ਵਧੇਰੇ ਪਲਦਾ ਹੈ| ਡਾ. ਰਾਬਿੰਦਰ ਕੌਰ ਨੇ ਡਾ. ਅੰਕਿਤਾ ਠਾਕੁਰ ਨੇ ਲਾਖ ਤੋਂ ਬਣੇ ਕੀੜੇ ਤੋਂ ਬਣੇ ਵੱਖ-ਵੱਖ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ | ਇਹ ਪ੍ਰਦਰਸ਼ਨੀ ਡਾ. ਜੀ ਐੱਸ ਕਾਲਕਟ ਲੈਬਾਰਟਰੀਜ਼ ਵਿੱਚ ਲਾਈ ਗਈ ਸੀ | ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਸੰਬੰਧਿਤ ਸਾਹਿਤ ਵੀ ਵੰਡਿਆ ਗਿਆ |