ਪੀ.ਏ.ਯੂ. ਵਿੱਚ ਔਖੇ ਵੇਲੇ ਸਿਹਤ-ਸੇਵਾਵਾਂ ਦੇਣ ਲਈ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਨੇ ਐਂਬੂਲੈਂਸ ਦਾਨ ਦਿੱਤੀ

ਲੁਧਿਆਣਾ 10 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਿਹਤ ਸੰਭਾਲ ਬਾਰੇ ਬੁਨਿਆਦੀ ਢਾਂਚੇ ਵਿੱਚ ਅਹਿਮ ਯੋਗਦਾਨ ਦਿੰਦਿਆਂ ਬੀਤੇ ਦਿਨੀਂ ਆਈ ਸੀ ਆਈ ਸੀ ਆਈ ਫਾਊਂਡੇਸਨ ਨੇ ਯੂਨੀਵਰਸਿਟੀ ਨੂੰ ਇੱਕ ਐਂਬੂਲੈਂਸ ਦਾਨ ਕੀਤੀ| ਇਸ ਐਂਬੂਲੈਂਸ ਨੂੰ ਪੀਏਯੂ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਸਿਹਤ ਕੇਂਦਰ ਤੋਂ ਰਵਾਨਾ ਕੀਤਾ| ਇਸ ਮੌਕੇ ਹੋਰਨਾਂ ਤੋਂ ਬਿਨਾਂ ਆਈ ਸੀ ਆਈ ਸੀ ਆਈ ਫਾਊਂਡੇਸਨ ਦੇ ਸੀਨੀਅਰ ਪ੍ਰਾਜੈਕਟ ਪ੍ਰਬੰਧਕ ਸੁਰਿੰਦਰ ਕੁਮਾਰ ਪੁਰੋਹਿਤ ਅਤੇ ਆਈ ਸੀ ਆਈ ਸੀ ਆਈ ਬੈਂਕ ਲੁਧਿਆਣਾ ਦੇ ਸਿਟੀ ਬਿਜ਼ਨਸ ਹੈੱਡ ਵਿਜੇ ਨਾਗਪਾਲ ਨੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਡਾ. ਗੋਸਲ ਨੂੰ ਐਂਬੂਲੈਂਸ ਦੀਆਂ ਚਾਬੀਆਂ ਸੌਂਪੀਆਂ| ਐਂਬੂਲੈਂਸ ਇੱਕ ਨਵੀਨ ਤਕਨੀਕ ਵਾਲੇ ਸਟਰੇਚਰ ਸਹਿਤ ਹੈ ਜਿਸਦੀ ਵਰਤੋਂ ਮਰੀਜ਼ਾਂ ਨੂੰ ਔਖੇ ਵੇਲੇ ਸਿਹਤ ਸੇਵਾਵਾਂ ਲਈ ਦੂਜੇ ਹਸਪਤਾਲਾਂ ਵਿੱਚ ਲਿਜਾਣ ਲਈ ਕੀਤੀ ਜਾਵੇਗੀ| ਇਹ ਸਟਰੇਚਰ ਮੁਸ਼ਕਿਲ ਵਕਤ ਵਿੱਚ ਸਮੇਂ ਦੀ ਬਚਤ ਕਰ ਸਕਦਾ ਹੈ | ਜ਼ਿਕਰਯੋਗ ਹੈ ਕਿ ਆਈ ਸੀ ਆਈ ਸੀ ਆਈ ਫਾਊਂਡੇਸਨ ਪਹਿਲਾਂ ਹੀ ਪੀਏਯੂ ਵਿੱਚ ਲੜਕੀਆਂ ਦੇ ਹੋਸਟਲਾਂ ਵਿੱਚ ਵੱਖ-ਵੱਖ ਸਮਰੱਥਾ ਵਾਲੇ ਸੱਤ ਸੈਨੇਟਰੀ ਨੈਪਕਿਨ ਮਸ਼ੀਨਾਂ ਦਾ ਯੋਗਦਾਨ ਦੇ ਚੁੱਕੀ ਹੈ| ਇਹ ਮਸ਼ੀਨਾਂ ਕੁੜੀਆਂ ਨੂੰ ਮਾਹਵਾਰੀ ਦੌਰਾਨ ਸਿਹਤ ਸੰਭਾਲ ਤੋਂ ਜਾਗਰੂਕ ਕਰਾਉਣ ਅਤੇ ਸਫਾਈ ਨੂੰ ਉਤਸਾਹਿਤ ਕਰਨ ਲਈ ਬੇਹੱਦ ਅਹਿਮ ਹਨ | ਇਸ ਤੋਂ ਇਲਾਵਾ ਫਾਊਂਡੇਸ਼ਨ ਵੱਲੋਂ ਕੈਂਪਸ ਵਿਚ ਕੂੜਾ ਇਕੱਠਾ ਕਰਨ ਅਤੇ ਵੱਖ ਕਰਨ ਲਈ ਦੋ ਬਿਜਲਈ ਵਾਹਨਾਂ ਦੇ ਪ੍ਰਬੰਧ ਬਾਰੇ ਕੰਮ ਕੀਤਾ ਜਾ ਰਿਹਾ ਹੈ | ਕੈਂਪਸ ਵਿੱਚ 51 ਕੂੜੇਦਾਨ ਦੇਣ ਦੀ ਯੋਜਨਾ ਵੀ ਵਿਚਾਰ ਅਧੀਨ ਹੈ | ਇਸ ਮੌਕੇ ਬੋਲਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਗੰਭੀਰ ਦੇਖਭਾਲ ਦੀਆਂ ਸਹੂਲਤਾਂ ਵਾਲੀਆਂ ਐਂਬੂਲੈਂਸਾਂ ਦੀ ਘਾਟ ਕਾਰਨ ਕਈ ਲੋਕ ਆਵਾਜਾਈ ਵਿੱਚ ਆਪਣੀਆਂ ਜਾਨਾਂ ਗੁਆ ਦਿੰਦੇ ਹਨ| ਉਹਨਾਂ ਨੇ ਇਸ ਸਹਾਇਤਾ ਲਈ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਸੰਸਥਾ ਦੀਆਂ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਦੀਆਂ ਸੇਵਾਵਾਂ ਬਿਹਤਰ ਹੋਣਗੀਆਂ | ਐਂਬੂਲੈਂਸ ਪੀਏਯੂ ਭਾਈਚਾਰੇ ਨੂੰ ਸਮੇਂ ਸਿਰ ਅਤੇ ਯੋਗ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ ਅਤੇ ਸਾਨੂੰ ਭਰੋਸਾ ਹੈ ਕਿ ਇਹ ਸਾਡੀਆਂ ਸਹੂਲਤਾਂ ਵਿੱਚ ਇੱਕ ਕੀਮਤੀ ਵਾਧਾ ਸਾਬਤ ਹੋਵੇਗਾ| ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਬਾਰੇ ਆਈ ਸੀ ਆਈ ਸੀ ਆਈ ਦੀ ਵਚਨਬੱਧਤਾ ਬਾਰੇ ਗੱਲ ਕਰਦਿਆਂ ਸ਼੍ਰੀ ਸੁਰਿੰਦਰ ਕੁਮਾਰ ਪੁਰੋਹਿਤ ਨੇ ਦੱਸਿਆ ਕਿ ਗਤੀਵਿਧੀਆਂ ਵੱਡੇ ਪੱਧਰ ’ਤੇ ਸਿੱਧੇ ਜਾਂ ਆਈ ਸੀ ਆਈ ਸੀ ਆਈ ਫਾਊਂਡੇਸਨ ਫਾਰ ਇਨਕਲੂਸਿਵ ਗਰੋਥ ਦੁਆਰਾ ਲਾਗੂ ਕੀਤੀਆਂ ਜਾਂਦੀਆਂ ਹਨ| ਉਹਨਾਂ ਕਿਹਾ ਸਾਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਯੋਗਦਾਨ ਦੇ ਯੋਗ ਹੋ ਕੇ ਖੁਸੀ ਹੋ ਰਹੀ ਹੈ| ਫਾਊਂਡੇਸ਼ਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਤੱਕ ਮਿਆਰੀ ਸਿਹਤ ਸਹੂਲਤਾਂ ਦੀ ਪਹੁੰਚ ਹੋਵੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਐਂਬੂਲੈਂਸ ਉਸ ਟੀਚੇ ਨੂੰ ਪ੍ਰਾਪਤ ਕਰ ਸਕੇਗੀ | ਸ੍ਰੀ ਵਿਜੇ ਨਾਗਪਾਲ ਨੇ ਦੱਸਿਆ ਕਿ ਫਾਊਂਡੇਸ਼ਨ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕਾਂ ਵਿੱਚੋਂ ਇੱਕ, ਆਈ.ਸੀ.ਆਈ.ਸੀ.ਆਈ. ਗਰੁੱਪ ਦੀ ਸ਼ਾਖ ਹੈ| ਫਾਊਂਡੇਸਨ ਸਿੱਖਿਆ, ਸਿਹਤ ਸੰਭਾਲ, ਅਤੇ ਹੁਨਰ ਵਿਕਾਸ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਦੇਸ ਭਰ ਵਿੱਚ ਵੱਖ-ਵੱਖ ਸਮਾਜਿਕ ਅਤੇ ਭਾਈਚਾਰਕ ਵਿਕਾਸ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਸਾਮਲ ਹੈ| ਪੀਏਯੂ ਨੂੰ ਐਂਬੂਲੈਂਸ ਦਾ ਦਾਨ ਦੇਸ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਦਾ ਸਮਰਥਨ ਕਰਨ ਲਈ ਫਾਊਂਡੇਸਨ ਦੇ ਚੱਲ ਰਹੇ ਯਤਨਾਂ ਦਾ ਇੱਕ ਹਿੱਸਾ ਹੈ| ਸਵਾਗਤੀ ਸ਼ਬਦ ਬੋਲਦਿਆਂ ਪੀਏਯੂ ਦੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰ ਸਿੰਘ ਗਿੱਲ ਨੇ ਆਈ.ਸੀ.ਆਈ.ਸੀ.ਆਈ. ਦੇ ਕਰਮਚਾਰੀਆਂ ਨਾਲ ਵਿਚਾਰ-ਵਟਾਂਦਰੇ ਦੇ ਵੱਖ-ਵੱਖ ਦੌਰ ਅਤੇ ਸਮਾਜ ਨੂੰ ਯੋਗਦਾਨ ਦੇਣ ਦੀ ਇੱਛਾ ਬਾਰੇ ਵਿਸਥਾਰ ਨਾਲ ਦੱਸਿਆ| ਮੁੱਖ ਸਿਹਤ ਅਧਿਕਾਰੀ ਡਾ. ਡੀ ਐਸ ਪੂਨੀ ਨੇ ਆਪਣੇ ਧੰਨਵਾਦ ਕਰਦਿਆਂ ਸਿਹਤ ਸੰਭਾਲ ਵਿੱਚ ਫੌਰੀ ਅਤੇ ਢੁੱਕਵੇਂ ਸਹਿਯੋਗ ਲਈ ਇਸ ਐਂਬੂਲੈਂਸ ਨੂੰ ਬੇਹੱਦ ਅਹਿਮ ਕਿਹਾ |