ਪੀ.ਏ.ਯੂ. ਨੇ ਕੁਦਰਤੀ ਸਿਰਕਾ ਬਨਾਉਣ ਦੇ ਗੁਰ ਕਿਸਾਨਾਂ ਨੂੰ ਦੱਸੇ

ਲੁਧਿਆਣਾ 22 ਮਈ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਦਾ ਫ਼ਲਾਂ ਤੋਂ ਕੁਦਰਤੀ ਸਿਰਕਾ, ਘੱਟ ਅਲਕੋਹਲ ਵਾਲੇ ਕੁਦਰਤੀ ਕਾਰਬੋਨੇਟਿਡ ਅਤੇ ਲੈਕਟੋ ਫਰਮੈਨਟਿਡ ਆਚਾਰ ਤਿਆਰ ਕਰਨ ਸੰਬੰਧੀ ਸਿਖਲਾਈ ਲਗਾਇਆ ਗਿਆ| ਇਸ ਕੋਰਸ ਵਿਚ 34 ਸਿਖਿਆਰਥੀਆਂ ਨੇ ਭਾਗ ਲਿਆ| ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਡਾ. ਕੁਲਦੀਪ ਸਿੰਘ ਪੰਧੂ ਨੇ ਦੱਸਿਆ ਕਿ ਪੰਜ ਦਿਨ ਦੀ ਟਰੇਨਿੰਗ ਵਿਚ ਸਿਖਿਆਰਥੀਆਂ ਨੂੰ ਫ਼ਲਾਂ ਤੋਂ ਕੁਦਰਤੀ ਸਿਰਕਾ ਅਤੇ ਕਾਰਬੋਨੇਟਿਡ ਪੇਅ ਬਨਾਉਣ ਦੀ ਸਿਖਲਾਈ ਦਿੱਤੀ ਗਈ | ਇਸ ਦੇ ਮੰਡੀਕਰਨ ਬਾਰੇ ਅਤੇ ਬੈਂਕ ਵੱਲੋਂ  ਕਰਜਾ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ ਗਿਆ| ਡਾ. ਰੁਪਿੰਦਰ ਕੌਰ, ਕੋਰਸ ਕੋਆਰਡੀਨੇਟਰ, ਨੇੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਸਿਖਿਆਰਥੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਇਸ ਨੂੰ ਕਿੱਤੇ ਵਜੋਂ ਅਪਣਾ ਰਹੇ ਹਨ ਅਤੇ ਚੰਗਾ ਮੁਨਾਫਾ ਕਮਾ ਰਹੇ ਹਨ| ਇਸ ਕੋਰਸ  ਦੇ ਤਕਨੀਕੀ ਮਾਹਿਰ ਡਾ. ਜੀ ਐੱਸ ਕੋਚਰ, ਮੁਖੀ ਮਾਈਕਰੋਬਾਇਲੋਜੀ ਵਿਭਾਗ ਨੇ ਸਿਰਕਾ ਬਣਾਉਣ ਦੀ ਮਹੱਤਤਾ ਅਤੇ ਵਰਤੋਂ ਬਾਰੇ ਦੱਸਿਆ|ਇਸ ਕੋਰਸ ਦੌਰਾਨ ਵੱਖ ਵੱਖ ਮਾਹਿਰਾਂ ਡਾ. ਕੇਸ਼ਾਨੀ, ਡਾ. ਲੇਨੀਕਾ ਕਸ਼ਯਪ, ਡਾ.ਰਿਚਾ ਅਰੋੜਾ, ਡਾ. ਗੁਲਾਬ ਪਾਂਡੋਵ, ਡਾ. ਨਰੇਸ਼ ਅਰੋੜਾ, ਡਾ. ਪ੍ਰਿਆ ਕਤਿਆਲ, ਡਾ. ਪਰਮਪਾਲ ਸਹੋਤਾ, ਡਾ. ਪੂਨਮ ਏ ਸਚਦੇਵ, ਡਾ. ਪੂਜਾ, ਡਾ.ਰਮਨਦੀਪ ਜੱਸਲ, ਡਾ.ਬਬੀਤਾ ਕੁਮਾਰ ਅਤੇ ਡਾ. ਜਸਪ੍ਰੀਤ ਖੇੜਾ, ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਆਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਉਦਮੀ ਕਿਸਾਨ ਨਾਲ ਸਿਖਿਆਰਥੀਆਂ ਦੀ ਵਰਚੂਅਲ ਮਿਲਨੀ ਕਰਵਾਈ ਗਈ|ਇਸ ਕੋਰਸ ਦੇ ਕੋ-ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਖੇਤੀ ਆਮਦਨ ਵਧਾਉਣ ਲਈ ਸਹਾਇਕ  ਧੰਦੇ ਸ਼ੁਰੂ ਕਰਨ ਬਾਰੇ ਉਤਸ਼ਾਹਿਤ ਕੀਤਾ| ਮੈਡਮ ਕੰਵਲਜੀਤ ਕੌਰ ਨੇ ਆਏ ਹੋਏ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈਣ ਉਪਰੰਤ ਇਹ ਤਕਨੀਕਾਂ ਆਪਣੇ ਕਿੱਤੇ ਵਿਚ ਅਪਣਾਉਣ ਦੀ ਅਪੀਲ ਕੀਤੀ|