ਪੀ.ਏ.ਯੂ. ਨੂੰ ਭਾਰਤ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ

  • ਐੱਨ ਆਰ ਆਈ ਐੱਫ ਦੀ 2023 ਦੀ ਰੈਂਕਿੰਗ ਵਿੱਚ ਹੋਇਆ ਐਲਾਨ
  • ਪੀ.ਏ.ਯੂ. ਵਾਈਸ ਚਾਂਸਲਰ ਨੇ ਇਸ ਪ੍ਰਾਪਤੀ ਨੂੰ ਸਮੁੱਚੇ ਮਾਹਿਰਾਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਮਿਹਨਤ ਦਾ ਸਿੱਟਾ ਕਿਹਾ

ਲੁਧਿਆਣਾ 6 ਜੂਨ : ਭਾਰਤ ਸਰਕਾਰ ਦੀ ਸੰਸਥਾਵਾਂ ਬਾਰੇ ਰਾਸ਼ਟਰੀ ਰੈਂਕਿੰਗ ਏਜੰਸੀ ਐੱਨ ਆਰ ਆਈ ਐੱਫ ਦੀ ਤਾਜ਼ਾ ਰੈਂਕਿੰਗ ਵਿੱਚ ਪੀ.ਏ.ਯੂ. ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ ਹੈ | ਇਸ ਬਾਰੇ ਹੋਰ ਜਾਣਕਾਰੀ ਦੇਣ ਲਈ ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨੇ ਇੱਕ ਵਿਸ਼ੇਸ਼ ਪ੍ਰੈੱਸ ਵਾਰਤਾ ਕੀਤੀ | ਇਸ ਦੌਰਾਨ ਪ੍ਰੈੱਸ ਦੇ ਰੂਬਰੂ ਹੁੰਦਿਆਂ ਡਾ. ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਨੂੰ ਐੱਨ ਆਈ ਆਰ ਐੱਫ ਦੀ 2023 ਰੈਂਕਿੰਗ ਵਿੱਚ ਦੇਸ਼ ਦੀ ਸਿਰਮੌਰ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਦਿੱਤੀ ਗਈ ਹੈ | ਭਾਰਤ ਦੇ ਰਾਜਾਂ ਦੀਆਂ 63 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪੀ.ਏ.ਯੂ. ਰੈਂਕਿੰਗ ਦੇ ਲਿਹਾਜ਼ ਨਾਲ ਪਹਿਲੇ ਸਥਾਨ ਤੇ ਰਹੀ | ਇਸ ਤੋਂ ਇਲਾਵਾ ਦੇਸ਼ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਪੀ.ਏ.ਯੂ. ਨੂੰ ਤੀਸਰਾ ਸਥਾਨ ਹਾਸਲ ਹੋਇਆ | ਇਸ ਵਰਗ ਵਿੱਚ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੇ ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਅਤੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਕਰਨਾਲ ਹਨ | ਡਾ. ਗੋਸਲ ਨੇ ਦੱਸਿਆ ਕਿ ਰਾਜਾਂ ਦੀਆਂ ਯੂਨੀਵਰਸਿਟੀਆਂ ਵਿੱਚੋਂ ਸਰਵੋਤਮ ਯੂਨੀਵਰਸਿਟੀ ਬਣਨਾ ਪੀ.ਏ.ਯੂ. ਲਈ ਮਾਣ ਵਾਲੀ ਗੱਲ ਹੈ | ਇਸ ਪਿੱਛੇ ਪੀ.ਏ.ਯੂ. ਦੇ ਅਧਿਆਪਕਾਂ, ਮਾਹਿਰਾਂ, ਕਰਮਚਾਰੀਆਂ, ਕਿਸਾਨਾਂ ਦਾ ਸਹਿਯੋਗ ਅਤੇ ਸਾਂਝੇ ਯਤਨ ਕਾਰਜਸ਼ੀਲ ਹਨ | ਡਾ. ਗੋਸਲ ਨੇ ਦੱਸਿਆ ਕਿ ਇਸ ਰੈਂਕਿੰਗ ਲਈ ਬਹੁਤ ਸਾਰੇ ਪੱਖ ਵਿਚਾਰੇ ਜਾਂਦੇ ਹਨ ਜਿਨ੍ਹਾਂਵਿੱਚ ਅਧਿਆਪਨ, ਖੋਜ ਅਤੇ ਪਸਾਰ ਨੂੰ ਮੁੱਖ ਤੌਰ ਤੇ ਧਿਆਨ ਵਿੱਚ ਰੱਖਿਆ ਜਾਂਦਾ ਹੈ | ਉਹਨਾਂ ਕਿਹਾ ਕਿ ਪੀ.ਏ.ਯੂ. ਨਵੀਆਂ ਕਿਸਮਾਂ, ਨਵੇਂ ਬੀਜ, ਉਤਪਾਦਨ ਤਕਨੀਕਾਂ ਅਤੇ ਹੋਰ ਖੇਤੀ ਸਿਫ਼ਾਰਸ਼ਾਂ ਦੇ ਪੱਖ ਤੋਂ ਰਾਜ ਦੀ ਇੱਕੋ ਇੱਕ ਅਜਿਹੀ ਸੰਸਥਾ ਹੈ ਜੋ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ | ਉਹਨਾਂ ਕਿਹਾ ਕਿ ਖੇਤੀ ਲਈ ਉਸਾਰੂ ਕਾਰਜ ਕਰਦਿਆਂ ਖੇਤੀ ਯੂਨੀਵਰਸਿਟੀਆਂ ਅੱਗੇ ਪੇਟੈਂਟ ਦੀ ਅਣਹੋਂਦ ਵਰਗੀਆਂ ਕੁਝ ਸਮੱਸਿਆਵਾਂ ਆ ਜਾਂਦੀਆਂ ਹਨ ਜਦਕਿ ਆਈ ਆਈ ਟੀ’ਜ਼ ਪੇਟੈਂਟ ਦੇ ਮਾਮਲੇ ਵਿੱਚ ਕਾਫੀ ਅਗਾਂਹਵਧੂ ਸੰਸਥਾਵਾਂ ਹੁੰਦੀਆਂ ਹਨ | ਇਸ ਦੇ ਬਾਵਜੂਦ ਖੇਤੀ ਸੰਸਥਾਵਾਂ ਵਿੱਚ ਪੀ.ਏ.ਯੂ. ਦਾ ਸਿਖਰਲੇ ਸਥਾਨ ਤੇ ਆਉਣਾ ਸਾਡੀ ਮਿਹਨਤ, ਲਗਨ ਅਤੇ ਸਮਰਪਨ ਦੀ ਪਛਾਣ ਹੈ | ਉਹਨਾਂ ਕਿਹਾ ਕਿ ਇਹ ਨਿਰੰਤਰ ਖੋਜ ਦਾ ਸਿੱਟਾ ਹੈ | ਖੋਜ ਅਤੇ ਅਧਿਆਪਨ ਦੀ ਯੋਗਤਾ ਅਤੇ ਪਸਾਰ ਗਤੀਵਿਧੀਆਂ ਲਈ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸ਼ਾਂ ਇਸ ਰੈਂਕਿੰਗ ਵਿੱਚੋਂ ਸਪੱਸ਼ਟ ਦਿਸਦੀਆਂ ਹਨ | ਨਾਲ ਹੀ ਡਾ. ਗੋਸਲ ਨੇ ਦੱਸਿਆ ਕਿ ਇਸ ਰੈਂਕਿੰਗ ਵਿੱਚ ਵਿਦਿਆਰਥੀਆਂ ਦੀ ਗਿਣਤੀ, ਮਿਆਰ ਅਤੇ ਉਹਨਾਂ ਦੀ ਪਲੇਸਮੈਂਟ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ | ਪਸਾਰ ਸੇਵਾਵਾਂ ਦਾ ਪੱਧਰ ਇਸ ਰੈਂਕਿੰਗ ਲਈ ਪ੍ਰਮੁੱਖ ਮਾਪਦੰਡ ਹੁੰਦਾ ਹੈ ਅਤੇ ਪੀ.ਏ.ਯੂ. ਦੀਆਂ ਪਸਾਰ ਸੇਵਾਵਾਂ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆਂ ਵਿੱਚ ਆਪਣੇ ਵਿਸ਼ੇਸ਼ ਯਤਨਾਂ ਲਈ ਮਾਣਤਾ ਰੱਖਦੀਆਂ ਹਨ | ਡਾ. ਗੋਸਲ ਨੇ ਦੱਸਿਆ ਕਿ ਸਹਿਯੋਗੀ ਧਿਰਾਂ ਵਿੱਚ ਸਰਕਾਰ ਵੱਲੋਂ ਪ੍ਰਾਪਤ ਸਹਿਯੋਗ ਪੀ.ਏ.ਯੂ. ਨੂੰ ਮਿਲੇ ਇਸ ਮਾਣ ਪਿੱਛੇ ਵੱਡੀ ਸ਼ਕਤੀ ਹੈ | ਉਹਨਾਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਲੰਮੇ ਸਮੇਂ ਤੋਂ ਲਟਕੇ ਹੋਏ ਯੂ ਜੀ ਸੀ ਤਨਖਾਹ ਸਕੇਲਾਂ ਨੂੰ ਜਾਰੀ ਕਰਨ ਦੀ ਸਹਿਮਤੀ ਦਿੱਤੀ ਅਤੇ ਇਸ ਲਈ ਬਣਦੇ ਵਿੱਤੀ ਬੋਝ ਦੀ ਜ਼ਿੰਮੇਵਾਰੀ ਲਈ | ਇਸਦੇ ਨਾਲ ਹੀ ਫੰਡਾਂ ਵਿੱਚ ਢੁੱਕਵਾਂ ਵਾਧਾ ਵੀ ਹੋਇਆ | ਇਹ ਸਾਰੇ ਤੱਥ ਪੀ.ਏ.ਯੂ. ਦੇ ਵਿਗਿਆਨੀਆਂ ਨੂੰ ਕੰਮ ਕਰਨ ਦੀ ਪੇ੍ਰਰਨਾ ਦਿੰਦੇ ਹਨ | ਡਾ. ਗੋਸਲ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਉਹਨਾਂ ਦੇ ਵਾਈਸ ਚਾਂਸਲਰ ਵਜੋਂ ਕਾਰਜ ਭਾਰ ਸੰਭਾਲਣ ਤੋਂ ਬਾਅਦ ਖੋਜ ਕਾਰਜਾਂ ਨੂੰ ਗਤੀ ਦੇਣ ਦਾ ਯਤਨ ਕੀਤਾ ਗਿਆ ਹੈ | ਉਹਨਾਂ ਕਿਹਾ ਕਿ ਬਦਲਦੀਆਂ ਜਲਵਾਯੂ ਸਥਿਤੀਆਂ ਦੇ ਅਨੁਸਾਰੀ ਕਿਸਮਾਂ ਦੀ ਖੋਜ, ਵੱਧ ਅਤੇ ਘੱਟ ਤਾਪਮਾਨ ਅਤੇ ਹਵਾਵਾਂ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਦੇ ਵਿਕਾਸ ਲਈ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ | ਨਾਲ ਹੀ ਸਪੀਡ ਬਰੀਡਿੰਗ ਵੱਲ ਧਿਆਨ ਦਿੱਤਾ ਗਿਆ ਹੈ ਤਾਂ ਜੋ ਕਿਸਮਾਂ ਨੂੰ ਛੇਤੀ ਪੈਦਾ ਕਰਕੇ ਕਿਸਾਨ ਤੱਕ ਪਹੁੰਚਾਇਆ ਜਾ ਸਕੇ | ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਜੀਨ ਐਡੀਟਿੰਗ ਤਕਨਾਲੋਜੀ ਦੀ ਜਾਣ-ਪਛਾਣ ਕਰਵਾਈ ਗਈ ਹੈ | ਕੁਦਰਤੀ ਸਰੋਤਾਂ ਜਿਵੇਂ ਪਾਣੀ ਅਤੇ ਪਰਾਲੀ ਦੀ ਸੰਭਾਲ ਲਈ ਰਾਸ਼ਟਰੀ ਅਤੇ ਕੌਮਾਂਤਰੀ ਸਹਿਯੋਗ ਦਾ ਦਰਵਾਜ਼ਾ ਖੁੱਲਿਆ ਹੈ | ਡਾ. ਗੋਸਲ ਨੇ ਕਿਹਾ ਕਿ ਵਾਤਾਵਰਣ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੀ.ਏ.ਯੂ. ਨੇ ਸਰਫੇਸ ਸੀਡਿੰਗ ਤਕਨਾਲੋਜੀ ਦੀ ਸਿਫ਼ਾਰਸ਼ ਕੀਤੀ | ਹਾੜ੍ਹੀ 2023 ਵਿੱਚ ਇਸ ਢੰਗ ਨਾਲ ਬੀਜੀ ਗਈ ਕਣਕ ਦੀ ਫਸਲ ਨੇ ਬਿਨਾਂ ਡਿੱਗੇ ਬਿਹਤਰ ਝਾੜ ਦਿੱਤਾ | ਉਹਨਾਂ ਨੇ ਕਿਹਾ ਕਿ ਪੀ.ਏ.ਯੂ. ਕੈਂਪਸ ਨੂੰ ਸਾਫ਼-ਸੁਥਰਾ ਅਤੇ ਆਪਣੀ ਰਵਾਇਤੀ ਦਿੱਖ ਵਾਲਾ ਬਨਾਉਣ ਲਈ ਕਲੀਨ ਐਂਡ ਗਰੀਨ ਪੀ.ਏ.ਯੂ. ਕੈਂਪਸ ਮੁਹਿੰਮ ਚਲਾਈ ਗਈ | ਡਾ. ਗੋਸਲ ਨੇ ਕਿਹਾ ਕਿ ਭਵਿੱਖ ਵਿੱਚ ਯੂਨੀਵਰਸਿਟੀ ਨੂੰ ਬਦਲਦੇ ਖੇਤੀ ਦ੍ਰਿਸ਼ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਜ ਲਈ ਹੋਰ ਸੰਸਥਾਵਾਂ ਨਾਲ ਸਹਿਯੋਗ ਲਗਾਤਾਰ ਜਾਰੀ ਹੈ | ਉਹਨਾਂ ਕਿਹਾ ਕਿ ਖੋਜ ਦੇ ਖੇਤਰ ਵਿੱਚ ਹੋਰ ਕਾਰਜ ਲਈ ਭਾਰਤ ਸਰਕਾਰ ਅਤੇ ਜੀ-20 ਦੇਸ਼ਾਂ ਤੋਂ ਸਹਿਯੋਗ ਮਿਲ ਰਿਹਾ ਹੈ | ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਪਹਿਲੀ ਖੇਤੀ ਮੀਟਿੰਗ ਵਿੱਚ ਪੀ.ਏ.ਯੂ. ਦੇ ਮਾਹਿਰ ਲੋੜ ਅਨੁਸਾਰ ਹਰ ਤਰ•ਾਂ ਦਾ ਸਹਿਯੋਗ ਕਰ ਰਹੇ ਹਨ | ਡਾ. ਗੋਸਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਫਰਵਰੀ ਵਿੱਚ ਸਰਕਾਰ ਕਿਸਾਨ ਮਿਲਣੀ ਕਰਵਾਈ ਗਈ | ਇਸ ਵਿੱਚ ਖੇਤੀ ਨਾਲ ਸੰਬੰਧਤ ਸਾਰੀਆਂ ਧਿਰਾਂ ਸਰਕਾਰੀ ਨੁਮਾਇੰਦੇ, ਕਿਸਾਨ ਅਤੇ ਖੇਤੀ ਮਾਹਿਰ ਸ਼ਾਮਿਲ ਹੋਏ | ਹਜ਼ਾਰਾਂ ਕਿਸਾਨਾਂ ਨੇ ਉਸ ਮਿਲਣੀ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਰਾਵਾਂ ਦਿੱਤੀਆਂ | ਇਸੇ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ 11 ਮਈ ਨੂੰ ਦੂਸਰੀ ਸਰਕਾਰ-ਕਿਸਾਨ ਮਿਲਣੀ ਹੋਈ | ਇਸ ਸਮਾਰੋਹ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਕਿਸਾਨ ਸ਼ਾਮਿਲ ਹੋਏ ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ | ਡਾ. ਗੋਸਲ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਪੱਖੋਂ ਪੀ.ਏ.ਯੂ. ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਹੈ | ਇਸ ਤੋਂ ਇਲਾਵਾ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਨਵੀਨ ਖੇਤੀ ਤਕਨਾਲੋਜੀਆਂ ਅਤੇ ਵਾਤਾਵਰਣ ਪੱਖੀ ਮਸ਼ੀਨਰੀ ਦਾ ਵਿਕਾਸ ਆਉਂਦੇ ਸਮੇਂ ਦੀਆਂ ਯੋਜਨਾਵਾਂ ਹਨ | ਉਹਨਾਂ ਕਿਹਾ ਕਿ ਭਵਿੱਖ ਵਿੱਚ ਆਪਣੀਆਂ ਘਾਟਾਂ ਅਤੇ ਕਮੀਆਂ ਨੂੰ ਜਾਣ ਕੇ ਹੋਰ ਬਿਹਤਰ ਕਾਰਜ ਕਰਨਾ ਪੀ.ਏ.ਯੂ. ਨਾਲ ਸੰਬੰਧਤ ਹਰ ਵਿਅਕਤੀ ਦਾ ਮੁੱਖ ਮੰਤਵ ਹੋਵੇਗਾ | ਡਾ. ਗੋਸਲ ਨੇ ਇਸ ਸਫਲਤਾ ਲਈ ਪੀ.ਏ.ਯੂ. ਦੇ ਮਾਹਿਰਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਪੀ.ਏ.ਯੂ. ਨੇ ਆਪਣੀ ਸਥਾਪਤੀ ਤੋਂ ਹੀ ਕਿਸਾਨਾਂ ਦੀ ਬਿਹਤਰੀ ਲਈ ਅਣਥੱਕ ਕਾਰਜ ਕੀਤਾ ਹੈ | ਉਹਨਾਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਇਸ ਕਾਰਜ ਨੂੰ ਲਗਾਤਾਰ ਪਛਾਣਿਆ ਗਿਆ ਹੈ ਅਤੇ ਵੱਖ-ਵੱਖ ਰੈਂਕਿੰਗਾਂ ਵਿੱਚ ਸਮੇਂ-ਸਮੇਂ ਯੂਨੀਵਰਸਿਟੀ ਸਿਖਰਲੇ ਸਥਾਨਾਂ ਤੇ ਰਹੀ ਹੈ | ਉਹਨਾਂ ਕਿਹਾ ਭਵਿੱਖ ਵਿੱਚ ਵੀ ਪੀ.ਏ.ਯੂ. ਕਿਸਾਨੀ ਸਮਾਜ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹੇਗੀ | ਰੈਂਕਿੰਗ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਇਹ ਏਜੰਸੀ 16-18 ਉਪ ਮਾਪਦੰਡਾਂ ਦੇ ਅਧਾਰ ਤੇ ਕਿਸੇ ਸੰਸਥਾ ਦੇ ਕਾਰਜ ਨੂੰ ਨਿਰਧਾਰਿਤ ਕਰਦੀ ਹੈ | ਉਹਨਾਂ ਇਹ ਵੀ ਦੱਸਿਆ ਕਿ ਇਸ ਵਰ੍ਹੇ ਉੱਚ ਸਿੱਖਿਆ ਦੀਆਂ 8686 ਸੰਸਥਾਵਾਂ ਵੱਲੋਂ ਰੈਂਕਿੰਗ ਲਈ ਬਿਨੈ ਪੱਤਰ ਦਿੱਤੇ ਗਏ ਸਨ | ਇਸ ਤੋਂ ਪਹਿਲਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਇਸ ਪ੍ਰਾਪਤੀ ਲਈ ਵਾਈਸ ਚਾਂਸਲਰ ਸਾਹਿਬ ਦੀ ਅਗਵਾਈ, ਮਾਹਿਰਾਂ ਦੀ ਯੋਗਤਾ, ਟੀਚਿੰਗ-ਨਾਨ ਟੀਚਿੰਗ ਕਰਮਚਾਰੀਆਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਸਮਰਪਣ ਨੂੰ ਜ਼ਿੰਮੇਵਾਰ ਕਿਹਾ | ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਸਹਿਯੋਗੀ ਨਿਰਦੇਸ਼ਕ ਸੰਸਥਾਈ ਸਹਿਯੋਗ ਡਾ. ਵਿਸ਼ਾਲ ਬੈਕਟਰ ਮੌਜੂਦ ਸਨ |