ਪੀ.ਏ.ਯੂ ਨੂੰ ਗੁੜ ਦੇ ਸ਼ੀਰੇ ਤੋਂ ਜੀਵਾਣੂੰ ਖਾਦ ਬਣਾਉਣ ਦੀ ਵਿਧੀ ਨੂੰ ਪੇਟੈਂਟ ਮਿਲਿਆ

ਲੁਧਿਆਣਾ , 13 ਮਾਰਚ : ਪੀ ਏ ਯੂ ਦੇ ਮਾਈਕਰੋਬਾਇਓਲੋਜਿਸਟ ਡਾ ਸੀਮਾ ਗਰਚਾ  ਅਤੇ ਸ਼੍ਰੀਮਤੀ ਰੂਪਸੀ ਕਾਂਸਲ ਵਲੋਂ ਵਿਕਸਿਤ ਕੀਤੀ ਗੁੜ ਦੇ ਸ਼ੀਰੇ ਤੋਂ ਜੀਵਾਣੂੰ ਖਾਦ ਬਣਾਉਣ ਦੀ ਵਿਧੀ ਨੂੰ ਭਾਰਤੀ ਪੇਟੈਂਟ ਨੰਬਰ 423627 ਦਿੱਤਾ ਗਿਆ ਹੈ।  ਡਾ ਸੀਮਾ ਗਰਚਾ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਗੰਨੇ ਦੇ ਉਦਯੋਗ ਤੋਂ ਪੈਦਾ ਹੋਣ ਵਾਲੇ ਸ਼ੀਰੇ ਨੂੰ ਜੀਵਾਣੂ ਖਾਦਾਂ  ਪੈਦਾ ਕਰਨ ਲਈ ਕਾਰਬਨ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਵਿਧੀ ਦੀ ਵਰਤੋਂ ਜੀਵਾਣੂ ਖਾਦਾਂ ਦੇ ਵਪਾਰਕ ਉਤਪਾਦਨ ਨਾਲ ਆਰਥਿਕ ਲਾਭ ਵਿਚ ਵਾਧਾ ਕਰ ਸਕਦੀ ਹੈ। ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ  ਕੋਚਰ ਨੇ ਦੱਸਿਆ ਕਿ ਵਾਤਾਵਰਨ ਪੱਖੀ ਖੇਤੀ ਵਿੱਚ ਜੀਵਾਣੂ ਖਾਦਾਂ ਦੀ ਅਹਿਮ ਭੂਮਿਕਾ ਹੈ ਅਤੇ ਇਹ ਪੇਟੈਂਟ ਜੀਵਾਣੂ ਖਾਦ ਦੇ ਉਤਪਾਦਨ ਵਿੱਚ ਆਰਥਿਕਤਾ ਲਿਆਉਣ ਲਈ ਇੱਕ ਹੁਲਾਰਾ ਪ੍ਰਦਾਨ ਕਰੇਗੀ।ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਵਿਭਾਗ ਨੂੰ 5ਵਾਂ ਪੇਟੈਂਟ ਪ੍ਰਾਪਤ ਕਰਨ 'ਤੇ ਵਧਾਈ ਦਿੱਤੀ।  ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਡੀਨ ਡਾ ਸ਼ੰਮੀ ਕਪੂਰ ਅਤੇ ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਵੀ ਇਸ ਮੌਕੇ ਵਿਗਿਆਨੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।