ਪੀ ਏ ਯੂ ਮਾਹਿਰਾਂ ਨੇ ਕਿਸਾਨਾਂ ਨੂੰ ਪਾਣੀ ਅਤੇ ਮਜ਼ਦੂਰੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਦੀ ਸਲਾਹ ਦਿੱਤੀ

ਲੁਧਿਆਣਾ 5 ਮਈ : ਪੀਏਯੂ ਕਿਸਾਨ ਕਲੱਬ ਦੇ ਮੈਂਬਰਾਂ ਲਈ ਇੱਕ ਮਹੀਨਾਵਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਖੇਤੀਬਾੜੀ ਮਾਹਿਰਾਂ ਨੇ ਮਸ਼ੀਨੀ ਪੈਡੀ ਟਰਾਂਸਪਲਾਂਟਰ ਦੀ ਵਰਤੋਂ ,ਮੈਟ ਟਾਈਪ ਪਨੀਰੀ ਨੂੰ ਉਗਾਉਣ, ਝੋਨੇ ਦੀ ਮਸ਼ੀਨੀ ਲੁਆਈ, ਸਿੱਧੀ ਬਿਜਾਈ ਵਾਲੇ ਝੋਨੇ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ।  ਪੰਜਾਬ ਵਿੱਚ ਸਿੱਧੀ ਬਿਜਾਈ ਦੀ ਸਫਲਤਾ, ਉਸ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਜੀਵਾਣੂੰ ਖਾਦਾਂ ਦੀ ਵਰਤੋਂ ਬਾਰੇ ਗੱਲਬਾਤ ਹੋਈ। ਇਸ ਸਿਖਲਾਈ ਕੈਂਪ ਵਿੱਚ ਕੁੱਲ 125 ਕਿਸਾਨਾਂ ਨੇ ਭਾਗ ਲਿਆ।  ਡਾ: ਕੁਲਦੀਪ ਸਿੰਘ, ਐਸੋਸੀਏਟ ਡਾਇਰੈਕਟਰ ,ਸਕਿੱਲ ਡਿਵੈਲਪਮੈਂਟ ਨੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਵੱਧ ਝਾੜ ਅਤੇ ਮੁਨਾਫੇ ਲਈ ਪੀਏਯੂ ਦੀਆਂ ਸਿਫ਼ਾਰਸ਼ਾਂ ਅਪਣਾਉਣ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ,  ਇਸ ਲਈ ਕਿਸਾਨਾਂ ਨੂੰ ਘੱਟ ਪਾਣੀ ਦੀ ਖਪਤ ਕਰਨ ਵਾਲੀਆਂ, ਅਗੇਤੀ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ।  ਤਰ ਵੱਤਰ ਸਿੱਧੀ ਬਿਜਾਈ ਤਕਨਾਲੋਜੀ ਨੇ ਮਜ਼ਦੂਰਾਂ ਦੀ ਘਾਟ ਦੌਰਾਨ ਫਲਦਾਇਕ ਨਤੀਜੇ ਦਿੱਤੇ ਹਨ ਅਤੇ ਪਾਣੀ ਅਤੇ ਮਜ਼ਦੂਰਾਂ ਦੀ ਬੱਚਤ ਦੇ ਰੂਪ ਵਿੱਚ ਬਹੁਤ ਲਾਹੇਵੰਦ ਹੈ।  ਉਨ੍ਹਾਂ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਹੇਠ ਇਸ ਦੀ ਵਰਤੋਂ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੀਵਾਣੂੰ ਖਾਦਾਂ ਵੀ ਮਿੱਟੀ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਮੁੱਖ ਵਕਤਿਆਂ ਵਿੱਚ ਡਾ: ਅਨੂਪ ਦੀਕਸ਼ਿਤ, ਡਾ: ਅਸੀਮ ਵਰਮਾ, ਡਾ: ਅਮਿਤ ਕੌਲ, ਡਾ: ਜਸਵੀਰ ਸਿੰਘ, ਡਾ: ਤਰੁਣਦੀਪ ਕੌਰ ਅਤੇ ਡਾ: ਸੀਮਾ ਗਰਚਾ ਸ਼ਾਮਲ ਸਨ। ਕਲੱਬ ਦੇ ਪ੍ਰਧਾਨ ਅਮਰਿੰਦਰ ਸਿੰਘ ਪੂਨੀਆ ਨੇ ਸਭ ਦਾ ਧੰਨਵਾਦ ਕੀਤਾ।