ਪੀ ਏ ਯੂ ਨੇ ਪਰਾਲੀ ਤੋਂ ਬ੍ਰਿਕੇਟ ਬਣਾਉਣ ਦੀ ਤਕਨੀਕ ਦੇ ਵਪਾਰੀਕਰਨ ਲਈ ਸੰਧੀ ਕੀਤੀ

ਲੁਧਿਆਣਾ 4 ਅਪ੍ਰੈਲ : ਪੀ.ਏ.ਯੂ. ਨੇ ਦਿੱਲੀ ਸਥਿਤ ਇਕ ਗੈਰ ਸਰਕਾਰੀ ਸੰਸਥਾ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਹੈ, ਜਿਸ ਵਿੱਚ ਝੋਨੇ ਦੀ ਪਰਾਲੀ ਤੋਂ ਬ੍ਰਿਕੇਟ ਬਣਾਉਣ ਦੀ ਤਕਨੀਕ ਦੇ ਵਪਾਰੀਕਰਨ ਦੀ ਤਕਨੀਕ ਸਾਂਝੀ ਕੀਤੀ ਜਾਵੇਗੀ। ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਐਨ ਜੀ ਓ ਦੇ ਕਾਰਜਕਾਰੀ ਅਧਿਕਾਰੀ ਸ੍ਰੀ ਨਰੇਸ਼ ਚੌਧਰੀ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ 'ਤੇ ਹਸਤਾਖਰ ਕੀਤੇ। ਸਮਝੌਤੇ ਅਨੁਸਾਰ, ਯੂਨੀਵਰਸਿਟੀ ਨੇ ਭਾਰਤ ਵਿੱਚ ਤਕਨਾਲੋਜੀ ਦੀ ਵਰਤੋਂ ਕਰਨ ਲਈ ਕੰਪਨੀ ਨੂੰ ਅਧਿਕਾਰਾਂ ਦੀ ਪੇਸ਼ਕਸ਼ ਕੀਤੀ ਹੈ। ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ  ਡਾ: ਰਾਜਨ ਅਗਰਵਾਲ ਨੇ ਕਿਹਾ ਕਿ ਇਹ ਤਕਨੀਕ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਵਿੱਚ ਮਦਦ ਕਰਦੀ ਹੈ। ਇਸ ਤਕਨੀਕ ਦੇ ਖੋਜੀਆਂ ਦੀ ਟੀਮ ਵਿਚ ਡਾ  ਰਿਤੂ ਡੋਗਰਾ, ਪ੍ਰੋਫੈਸਰ ਮਨਪ੍ਰੀਤ ਸਿੰਘ ਅਤੇ ਡਾ. ਵਿਸ਼ਵਜੀਤ ਸਿੰਘ ਹਾਂਸ ਸ਼ਾਮਿਲ ਹਨ। ਤਕਨੀਕ ਬਾਰੇ ਹੋਰ ਵੇਰਵੇ ਦਿੰਦਿਆਂ ਡਾ. ਰਿਤੂ ਡੋਗਰਾ ਨੇ ਦੱਸਿਆ ਕਿ ਇਹ ਤਕਨੀਕ ਕੁਤਰਾ ਕੀਤੀ ਹੋਈ ਝੋਨੇ ਦੀ ਪਰਾਲੀ ਤੋਂ ਬ੍ਰਿਕੇਟ ਤਿਆਰ ਕਰਦੀ ਹੈ। ਇਹ ਵਿਧੀ ਰਵਾਇਤੀ ਬ੍ਰਿਕੇਟ ਬਣਾਉਣ ਦੀਆਂ ਤਕਨੀਕਾਂ ਦੇ ਮੁਕਾਬਲੇ ਊਰਜਾ ਪੱਖੋਂ 33% ਵਧੇਰੇ ਸਮਰੱਥ ਹੈ । ਇਨ੍ਹਾਂ ਬ੍ਰਿਕੇਟਾਂ ਨੂੰ ਤਾਪ ਦੇ ਕੰਮਾਂ ਵਿੱਚ ਇੱਕ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ। ਨਾਲ ਹੀ ਬਾਇਲਰਾਂ ਵਿੱਚ ਭਾਫ਼ ਪੈਦਾ ਕਰਨ, ਭੋਜਨ ਪਕਾਉਣ, ਸ਼ਮਸ਼ਾਨਘਾਟ ਆਦਿ ਵਿਚ ਰਵਾਇਤੀ ਬਾਲਣ ਦੇ ਬਦਲ ਵਜੋਂ ਵੀ ਇਸਦੀ ਵਰਤੋ ਹੋ ਸਕਦੀ ਹੈ। ਡਾ ਖੁਸ਼ਦੀਪ ਧਰਨੀ ਐਸੋਸੀਏਟ ਨੇ ਦੱਸਿਆ ਕਿ ਪੀਏਯੂ ਵੱਖ-ਵੱਖ ਵਪਾਰਕ ਉੱਦਮਾਂ ਲਈ ਤਕਨਾਲੋਜੀਆਂ ਦਾ ਪ੍ਰਸਾਰ ਕਰ ਰਿਹਾ ਹੈ ਤਾਂ ਜੋ ਇਸਦਾ ਲਾਭ ਭਾਗੀਦਾਰਾਂ ਤਕ ਪੁਚਾਇਆ ਜਾ ਸਕੇ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਵੀ ਹਾਜ਼ਰ ਸਨ।