ਪੀ.ਏ.ਯੂ. ਨੇ ਪਰਾਲੀ ਤੇ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਲਈ ਸਮਝੌਤਾ ਕੀਤਾ

ਲੁਧਿਆਣਾ 5 ਅਪ੍ਰੈਲ : ਪੀ.ਏ.ਯੂ. ਨੇ ਅੱਜ ਮੈਸਰਜ਼ ਗੈਸਕਨ ਇੰਜੀਨੀਅਰਜ਼, 310, ਜੋਤੀ ਸ਼ਿਖਰ, 8 ਜ਼ਿਲ੍ਹਾ ਕੇਂਦਰ, ਜਨਕਪੁਰੀ, ਨਵੀਂ ਦਿੱਲੀ-110058 ਨਾਲ ਜ਼ਮੀਨ ਤੋਂ ਉੱਪਰ ਹਲਕੀ ਸਟੀਲ ਦੀ ਚਾਦਰ ਨਾਲ ਬਣੇ ਝੋਨੇ ਦੀ ਪਰਾਲੀ ਆਧਾਰਿਤ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ | ਇਸ ਤਕਨਾਲੋਜੀ ਦਾ ਵਿਕਾਸ ਆਈ.ਸੀ.ਏ.ਆਰ ਦੁਆਰਾ ਫੰਡ ਕੀਤੇ ਗਏ ਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ ਵਿਸ਼ੇ ’ਤੇ ਆਲ ਇੰਡੀਆ ਕੋ-ਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਕੀਤਾ ਗਿਆ | ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਗੈਸਕਨ ਇੰਜਨੀਅਰਜ਼, ਜਨਕਪੁਰੀ, ਨਵੀਂ ਦਿੱਲੀ ਦੇ ਨੁਮਾਇੰਦੇ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ਤੇ ਹਸਤਾਖਰ ਕੀਤੇ| ਸਮਝੌਤੇ ਦੇ ਅਨੁਸਾਰ ਪੀ.ਏ.ਯੂ. ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਸੰਬੰਧਿਤ ਫਰਮ ਨੂੰ ਦੇਸ਼ ਭਰ ਵਿੱਚ ਅਧਿਕਾਰ ਪ੍ਰਦਾਨ ਕਰਦੀ ਹੈ | ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਡਾ. ਹਰਮਿੰਦਰ ਸਿੰਘ ਸਿੱਧੂ, ਡੀਨ, ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੇ ਨਵਿਆਉਣਯੋਗ ਊਰਜਾ ਇੰਜੀਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਸਰਬਜੀਤ ਸਿੰਘ ਸੂਚ ਨੂੰ ਇਸ ਤਕਨਾਲੋਜੀ ਦੇ ਵਿਕਾਸ ਅਤੇ ਵਪਾਰੀਕਰਨ ਲਈ ਵਧਾਈ ਦਿੱਤੀ|ਡਾ. ਸੂਚ ਨੇ ਟੈਕਨਾਲੋਜੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੈਵਿਕ ਰਹਿੰਦ-ਖੂੰਹਦ ਨੂੰ ਇਸ ਬਾਇਓਗੈਸ ਪਲਾਂਟ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ | ਇਸਲਈ ਥੋੜੀ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਤਿੰਨ ਮਹੀਨਿਆਂ ਦੀ ਮਿਆਦ ਲਈ ਬਾਇਓਗੈਸ ਪੈਦਾ ਕੀਤੀ ਜਾ ਸਕਦੀ ਹੈ| ਉਹਨਾਂ ਨੇ ਅੱਗੇ ਕਿਹਾ ਕਿ ਅਜਿਹੇ ਐਨੋਰੋਬਿਕ ਪਾਚਨ ਤੋਂ ਪੈਦਾ ਹੋਣ ਵਾਲੀ ਖਾਦ ਮਿਆਰੀ ਹੁੰਦੀ ਹੈ ਜਿਸਦੀ ਵਰਤੋਂ ਫੌਰੀ ਤੌਰ ਤੇ ਖੇਤਾਂ ਵਿੱਚ ਕੀਤੀ ਜਾ ਸਕਦੀ ਹੈ| ਇਸ ਪਲਾਂਠ ਦੀ ਮੁਨਿਆਦ 15 ਸਾਲ ਦੇ ਕਰੀਬ ਹੋਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਦਾ ਫਾਇਦਾ ਇਹ ਹੈ ਕਿ ਸਾਰਾ ਪਲਾਂਟ ਜ਼ਮੀਨ ਤੋਂ ਉੱਪਰ ਹੁੰਦਾ ਹੈ ਅਤੇ ਇਸ ਨੂੰ ਖਾਲੀ ਕਰਨਾ ਬਹੁਤ ਆਸਾਨ ਹੁੰਦਾ ਹੈ| ਡਾ. ਊਸਾ ਨਾਰਾ ਪਲਾਂਟ ਬਰੀਡਰ ਨੇ ਦੱਸਿਆ ਕਿ ਪੀਏਯੂ ਨੇ ਕੁੱਲ 320 ਸਮਝੌਤਿਆਂ ਤੇ ਹਸਤਾਖਰ ਕੀਤੇ ਹਨ ਅਤੇ 77 ਤਕਨਾਲੋਜੀਆਂ ਦਾ ਵਪਾਰੀਕਰਨ ਕੀਤਾ ਹੈ| ਉਹਨਾਂ ਨੇ ਦੱਸਿਆ ਕਿ ਹਲਕੇ ਸਟੀਲ ਸ਼ੀਟ ਨਾਲ ਬਣੇ ਝੋਨੇ ਦੀ ਪਰਾਲੀ ਅਧਾਰਤ ਬਾਇਓਗੈਸ ਪਲਾਂਟ ਲਈ 10 ਵੱਖ-ਵੱਖ ਕੰਪਨੀਆਂ ਅਤੇ ਫਰਮਾਂ ਨਾਲ ਸਮਝੌਤੇ ਕੀਤੇ ਗਏ ਹਨ|