ਪੀ.ਏ.ਯੂ. ਵਿੱਚ ਖਰ੍ਹਵੇ ਅਨਾਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ-ਚਰਚਾ ਮੀਟਿੰਗ ਹੋਈ

ਲੁਧਿਆਣਾ 16 ਮਈ : ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ ਖਰ੍ਹਵੇ ਅਨਾਜਾਂ ਜਾਂ ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ ਕਰਨ ਲਈ ਕਰਵਾਈ ਗਈ ਸੀ | ਇਸ ਵਿੱਚ ਮਿਲਿਟਸ ਦੇ ਮਾਹਿਰ, ਕਾਸ਼ਤਕਾਰ ਕਿਸਾਨ, ਖੇਤੀ ਕਾਰੋਬਾਰ ਉੱਦਮੀ ਅਤੇ ਭੋਜਨ ਪ੍ਰੋਸੈਸਿੰਗ ਦੇ ਵਿਦਿਆਰਥੀ ਸ਼ਾਮਿਲ ਹੋਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੀਟਿੰਗ ਦੇ ਮੁੱਖ ਮਹਿਮਾਨ ਸਨ | ਇਸ ਤੋਂ ਇਲਾਵਾ ਮੰਚ ਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਮੌਜੂਦ ਰਹੇ | ਇਸ ਤੋਂ ਇਲਾਵਾ ਖਰ੍ਹਵੇ ਅਨਾਜਾਂ ਬਾਰੇ ਭਾਰਤੀ ਖੋਜ ਸੰਸਥਾਨ ਹੈਦਰਾਬਾਦ ਦੇ ਨਿਰਦੇਸ਼ਕ ਡਾ. ਸੀ ਤਾਰਾ ਸਤਿਆਵਤੀ ਵੀ ਇਸ ਮੀਟਿੰਗ ਦੌਰਾਨ ਆਨਲਾਈਨ ਜੁੜੇ ਰਹੇ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖਰ੍ਹਵੇ ਅਨਾਜਾਂ ਬਾਰੇ ਸਰਕਾਰ ਦੀ ਦਿਲਚਸਪੀ ਬਣੀ ਹੋਈ ਹੈ ਅਤੇ ਖੇਤੀਬਾੜੀ ਮੰਤਰੀ ਨੇ ਇਸਦੀ ਕਾਸ਼ਤ, ਮੁੱਲ ਵਾਧੇ ਅਤੇ ਪ੍ਰੋਸੈਸਿੰਗ ਬਾਰੇ ਹੋਰ ਕਾਰਜ ਲਈ ਪ੍ਰੇਰਿਤ ਕੀਤਾ ਹੈ | ਖਰ•ਵੇ ਅਨਾਜਾਂ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਲਈ ਇਹ ਵਿਚਾਰ-ਵਟਾਂਦਰਾ ਆਯੋਜਿਤ ਕੀਤਾ ਜਾ ਰਿਹਾ ਹੈ | ਡਾ. ਗੋਸਲ ਨੇ ਕਿਹਾ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਖਰ੍ਹਵੇ ਅਨਾਜਾਂ ਹੇਠ ਜ਼ਿਕਰਯੋਗ ਰਕਬਾ ਸੀ ਅਤੇ ਇਹ ਪੰਜਾਬੀਆਂ ਦੀ ਖੁਰਾਕ ਦਾ ਅਟੁੱਟ ਹਿੱਸਾ ਸਨ | ਵਿਸ਼ੇਸ਼ ਤੌਰ ਤੇ ਕੰਗਣੀ ਦੀ ਖੀਰ ਨੂੰ ਚੌਲਾਂ ਦੀ ਖੀਰ ਉੱਪਰ ਤਰਜ਼ੀਹ ਦਿੱਤੀ ਜਾਂਦੀ ਸੀ | ਉਹਨਾਂ ਕਿਹਾ ਕਿ ਕੰਗਣੀ ਦੀ ਫ਼ਸਲ ਮੱਕੀ ਨਾਲ ਅੰਤਰ ਫਸਲੀ ਤਰੀਕੇ ਵਿੱਚ ਬੀਜੀ ਜਾਂਦੀ ਸੀ ਅਤੇ ਕੁਝ ਸਾਲ ਪਹਿਲਾਂ ਤੱਕ ਬਾਜਰੇ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਰਹੀਆਂ | ਡਾ. ਗੋਸਲ ਨੇ ਦੱਸਿਆ ਕਿ ਵਿਸ਼ਵ ਦਾ ਪਹਿਲਾ ਹਾਈਬ੍ਰਿਡ ਬਾਜਰਾ ਪੀ ਐੱਚ ਬੀ ਵਿਕਸਿਤ ਕਰਨ ਦਾ ਸਿਹਰਾ ਵੀ ਪੀ.ਏ.ਯੂ. ਨੂੰ ਜਾਂਦਾ ਹੈ | ਉਹਨਾਂ ਕਿਹਾ ਕਿ ਹੁਣ ਭਾਵੇਂ ਚਰ੍ਹੀ ਅਤੇ ਬਾਜਰੇ ਨੂੰ ਪਸ਼ੂਆਂ ਦੇ ਚਾਰੇ ਲਈ  ਬੀਜਣ ਦਾ ਰੁਝਾਨ ਹੈ ਪਰ  ਇਹਨਾਂ ਦੇ ਪੋਸ਼ਣ ਗੁਣਵੱਤਾ ਕਰਕੇ ਬੀਤੇ ਕੁਝ ਸਮੇਂ ਤੋਂ ਖਰ੍ਹਵੇ ਅਨਾਜਾਂ ਨੂੰ ਮਨੁੱਖੀ ਖੁਰਾਕ ਵਿੱਚ ਸ਼ਾਮਿਲ ਕਰਨ ਦੇ ਮੌਕੇ ਵਧੇ ਹਨ | ਡਾ. ਗੋਸਲ ਨੇ ਦੱਸਿਆ ਕਿ 2018 ਵਿੱਚ ਭਾਰਤ ਸਰਕਾਰ ਨੇ ਖਰ੍ਹਵੇ ਅਨਾਜਾਂ ਦਾ ਸਾਲ ਮਨਾਇਆ ਅਤੇ ਇਹਨਾਂ ਨੂੰ ਪੌਸ਼ਕ ਅਹਾਰ ਕਿਹਾ | ਇਹ ਮੌਜੂਦਾ ਸਾਲ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਮਿਲਿਟਸ ਸਾਲ ਵਜੋਂ ਮਨਾਇਆ ਜਾ ਰਿਹਾ ਹੈ ਇਸਦਾ ਕਾਰਨ ਮਨੁੱਖੀ ਖੁਰਾਕ ਵਿੱਚ ਅਨਾਜਾਂ ਨੂੰ ਸ਼ਾਮਿਲ ਕਰਕੇ ਖੁਰਾਕ ਦੀ ਪੌਸ਼ਕਤਾ ਵਿੱਚ ਵਾਧਾ ਕਰਨਾ ਅਤੇ ਨਾਲ ਦੀ ਨਾਲ ਫ਼ਸਲੀ ਵਿਭਿੰਨਤਾ ਵੱਲ ਇੱਕ ਕਦਮ ਪੁੱਟਣਾ ਹੈ | ਉਹਨਾਂ ਕਿਹਾ ਕਿ ਜ਼ਿਆਦਾਤਾਰ ਖਰ੍ਹਵੇ ਅਨਾਜ ਸਾਉਣੀ ਦੀ ਰੁੱਤ ਵਿੱਚ ਬੀਜੇ ਜਾਂਦੇ ਹਨ | ਇਹਨਾਂ ਅਨਾਜਾਂ ਵਿੱਚ ਸਖਤ ਗਰਮੀ, ਪਾਣੀ ਦੀ ਘਾਟ, ਬਿਮਾਰੀਆਂ ਅਤੇ ਕੀੜਿਆਂ ਦਾ ਟਾਕਰਾ ਕਰਨ ਦੀ ਸਮਰਥਾ ਕਣਕ-ਝੋਨੇ ਨਾਲੋਂ ਜ਼ਿਆਦਾ ਹੁੰਦੀ ਹੈ | ਉਹਨਾਂ ਕਿਹਾ ਕਿ ਖਰ੍ਹਵੇ ਅਨਾਜ ਏਸ਼ੀਆ ਅਤੇ ਅਫਰੀਕਾ ਦੇ ਗਰੀਬ ਲੋਕਾਂ ਦੀ ਖੁਰਾਕ ਕਹੇ ਜਾਂਦੇ ਰਹੇ ਹਨ | ਡਾ. ਗੋਸਲ ਨੇ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਖੁਰਾਕ ਵਜੋਂ ਖਰ੍ਹਵੇ ਅਨਾਜਾਂ ਨੂੰ ਸ਼ਾਮਿਲ ਕਰਨ ਦੀ ਗੱਲ ਕੀਤੀ ਅਤੇ ਨਾਲ ਹੀ ਘੱਟ ਖਾਦਾਂ, ਘੱਟ ਪਾਣੀ, ਘੱਟ ਹੋਰ ਖਰਚੇ ਨਾਲ ਇਹਨਾਂ ਦਾ ਉਤਪਾਦਨ ਹੋਣ ਕਰਕੇ ਫ਼ਸਲੀ ਵਿਭਿੰਨਤਾ ਲਈ ਬਿਲਕੁਲ ਢੁੱਕਵਾਂ ਬਦਲ ਕਿਹਾ | ਉਹਨਾਂ ਕਿਹਾ ਕਿ ਪੀ.ਏ.ਯੂ. ਕੋਲ ਸਿਖਲਾਈ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਖੇਤੀ ਕਾਰੋਬਾਰ ਉੱਦਮੀ ਪ੍ਰੋਸੈਸਿੰਗ ਅਤੇ ਉਤਪਾਦ ਬਨਾਉਣ ਦੇ ਮਾਮਲੇ ਵਿੱਚ ਕਾਮਯਾਬੀ ਨਾਲ ਕੰਮ ਕਰ ਰਹੇ ਹਨ | ਇਸ ਖੇਤਰ ਵਿੱਚ ਪੀ.ਏ.ਯੂ. ਕੋਲ ਮਜ਼ਬੂਤ ਅਗਵਾਈ ਢਾਂਚਾ ਹੈ | ਪਰ ਨਾਲ ਡਾ. ਗੋਸਲ ਨੇ ਕਿਹਾ ਕਿ ਸਾਰੇ ਮੁੱਦੇ ਧਿਆਨ ਵਿੱਚ ਰੱਖ ਕੇ ਇਹਨਾਂ ਦੀ ਕਾਸ਼ਤ ਨਾਲ ਜੁੜਿਆ ਜਾਵੇ ਕਿਉਂਕਿ ਖਰ੍ਹਵੇ ਅਨਾਜਾਂ ਦੇ ਖੇਤਰ ਵਿੱਚ ਘੱਟੋ-ਘੱਟ ਸਰਮਥਨ ਮੁੱਲ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਦਿਸਦੀ | ਸਿਰਫ਼ ਨਿਰਯਾਤ ਹੀ ਇਹਨਾਂ ਦੇ ਉਤਪਾਦਨ ਦਾ ਬਿਹਤਰ ਮੰਡੀਕਰਨ ਬਦਲ ਬਣ ਸਕਦਾ ਹੈ | ਉਹਨਾਂ ਨੇ ਕਿਹਾ ਕਿ ਬਾਸਮਤੀ ਵਾਂਗ ਖਰ੍ਹਵੇ ਅਨਾਜਾਂ ਦਾ ਨਿਰਯਾਤ ਜਾਂ ਉਤਪਾਦ ਬਣਾ ਕੇ ਗਾਹਕ ਤੱਕ ਸਿੱਧੀ ਵਿਕਰੀ  ਖਰ੍ਹਵੇ ਅਨਾਜਾਂ ਦੇ ਖੇਤਰ ਵਿੱਚ ਮੁਨਾਫ਼ੇ ਦਾ ਖੇਤਰ ਬਣ ਸਕਦੀ ਹੈ |ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ  ਖਰ੍ਹਵੇ ਅਨਾਜਾਂ ਸੰਬੰਧੀ ਪੀ.ਏ.ਯੂ. ਦੀਆਂ ਖੋਜ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਉਹਨਾਂ ਕਿਹਾ ਕਿ ਸੱਠਵਿਆਂ ਦੇ ਅੱਧ ਤੱਕ  ਖਰ੍ਹਵੇ   ਅਨਾਜਾਂ ਦਾ ਪੰਜਾਬ ਵਿੱਚ ਬੋਲਬਾਲਾ ਸੀ ਅਤੇ ਢਾਈ ਲੱਖ ਹੈਕਟੇਅਰ ਵਿੱਚ ਬਾਜਰਾ, ਚਰ•ੀ, ਕੋਧਰਾ, ਰਾਗੀ ਦੀ ਕਾਸ਼ਤ ਕੀਤੀ ਜਾਂਦੀ ਸੀ | ਦੇਸ਼ ਦੀ ਲੋੜਾਂ ਲਈ ਕਣਕ-ਝੋਨੇ ਦਾ ਉਤਪਾਦਨ ਵਧਿਆ ਅਤੇ ਹੁਣ ਹਾਲਾਤ ਇਹ ਹਨ ਕਿ ਪੰਜਾਬ ਦਾ ਪਾਣੀ ਖਾਤਮੇ ਦੀ ਖਤਰਨਾਕ ਸਥਿਤੀ ਤੱਕ ਪਹੁੰਚ ਚੁੱਕਾ ਹੈ | ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਹਮੇਸ਼ਾਂ ਨਵੀਆਂ ਖੇਤੀ ਲੱਭਤਾਂ ਵੱਲ ਕਦਮ ਵਧਾਏ ਹਨ ਅਤੇ ਘੱਟ ਪਾਣੀ ਵਾਲੀਆਂ ਫ਼ਸਲਾਂ, ਮੌਸਮੀ ਤਬਦੀਲੀਆਂ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਵੱਲ ਧਿਆਨ ਦਿੱਤਾ ਹੈ | ਇਸ ਦਿਸ਼ਾ ਵਿੱਚ  ਖਰ੍ਹਵੇ ਅਨਾਜ ਇੱਕ ਬਿਹਤਰ ਬਦਲ ਹੋ ਸਕਦੇ ਹਨ | ਉਹਨਾਂ ਨੇ ਬਾਜਰੇ ਦਾ ਦਾਣਿਆਂ ਵਾਲਾ ਹਾਰੀਬ੍ਰਿਡ ਕੱਢਣ ਵਾਲੀ ਸੰਸਥਾ ਵਜੋਂ ਪੀ.ਏ.ਯੂ. ਦਾ ਜ਼ਿਕਰ ਕੀਤਾ | ਡਾ. ਢੱਟ ਨੇ ਦੱਸਿਆ ਕਿ ਬਾਜਰੇ ਦੀਆਂ 9 ਕਿਸਮਾਂ ਪੀ.ਏ.ਯੂ. ਵੱਲੋਂ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਉਦੇਸ਼ ਦਾਣੇ ਅਤੇ ਚਾਰੇ ਦਾ ਉਤਪਾਦਨ ਹੈ | ਇਸੇ  ਤਰ੍ਹਾਂ ਚਰ੍ਹੀ ਦੀਆਂ ਸੱਤ ਕਿਸਮਾਂ ਅਤੇ ਦੋ ਹਾਈਬ੍ਰਿਡਾਂ ਦਾ ਜ਼ਿਕਰ ਵੀ ਡਾ. ਢੱਟ ਨੇ ਕੀਤਾ | ਉਹਨਾਂ ਨੇ ਕਈ ਕਟਾਈਆਂ ਦੇਣ ਵਾਲੀ ਚਰ੍ਹੀ ਦੀ ਕਿਸਮ ਪੰਜਾਬ ਸੂਡੈਕਸ-1 ਦਾ ਵਿਸ਼ੇਸ਼ ਜ਼ਿਕਰ ਕੀਤਾ | ਨਿਰਦੇਸ਼ਕ ਖੋਜ ਨੇ ਦੱਸਿਆ ਕਿ ਖਰ੍ਹਵੇ ਅਨਾਜਾਂ ਦੀ ਖੋਜ ਅਤੇ ਵਿਕਾਸ ਲਈ ਦੋ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਪੀ.ਏ.ਯੂ. ਵਿੱਚ ਜਾਰੀ ਹਨ | ਚਰ੍ਹੀ ਅਤੇ ਬਾਜਰੇ ਦੀਆਂ ਖਿੱਲਾਂ ਵਾਲੀਆਂ ਕਿਸਮਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਰਾਗੀ, ਕੰਗਣੀ, ਚੀਣਾ, ਕੋਧਰਾ ਉੱਪਰ ਕੰਮ ਜਾਰੀ ਹੈ | ਡਾ. ਢੱਟ ਨੇ ਕਿਹਾ ਕਿ ਸੁਧਰੀਆਂ ਕਿਸਮਾਂ ਦੇ ਨਾਲ-ਨਾਲ ਮਿਆਰੀ ਉਤਪਾਦਨ ਅਤੇ ਮੰਡੀਕਰਨ ਦੇ ਨਜ਼ਰੀਏ ਤੋਂ ਇਸ ਦਿਸ਼ਾ ਵਿੱਚ ਖੋਜ ਕੀਤੀ ਜਾ ਰਹੀ ਹੈ | ਉਹਨਾਂ ਨੇ ਨਾਲ ਦੀ ਨਾਲ ਖਰ੍ਹਵੇ ਅਨਾਜਾਂ ਦੀ ਕਾਸ਼ਤ ਦੀਆਂ ਤਕਨੀਕਾਂ, ਨਦੀਨਾਂ ਦੀ ਰੋਕਥਾਮ, ਸਿੰਚਾਈ ਪ੍ਰਬੰਧ ਅਤੇ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੀਤੀ ਜਾ ਰਹੀ ਖੋਜ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ | ਸਵਾਗਤ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਮੌਜੂਦਾ ਵਰ੍ਹੇ ਨੂੰ ਖਰ੍ਹਵੇ ਅਨਾਜਾਂ ਦੇ ਸਾਲ ਵਜੋਂ ਮਨਾਨਿਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਹੁਣ ਢਿੱਡ ਭਰਨ ਤੋਂ ਅਗਾਂਹ ਪੌਸ਼ਟਿਕਤਾ ਅਜੋਕੇ ਸਮੇਂ ਦੀ ਲੋੜ ਬਣੀ ਹੈ | ਖੇਤੀ ਵਿਭਿੰਨਤਾ ਲਈ ਕੋਸ਼ਿਸ਼ਾਂ ਕਰਦਿਆਂ ਵੀ ਸਾਨੂੰ ਇਸ ਦਿਸ਼ਾ ਵਿੱਚ ਕਾਰਜ ਕਰਦੇ ਰਹਿਣ ਦੀ ਲੋੜ ਹੈ | ਨਾਲ ਹੀ ਖਰ੍ਹਵੇ ਅਨਾਜ ਪੰਜਾਬੀਆਂ ਦਾ ਵਿਰਸਾ ਵੀ ਹਨ | ਪਾਣੀ ਦੀ ਦਿੱਕਤ ਦਾ ਜ਼ਿਕਰ ਕਰਦਿਆਂ ਡਾ. ਬੁੱਟਰ ਨੇ ਖਰ੍ਹਵੇ ਅਨਾਜਾਂ ਦੀ ਕਾਸ਼ਤ ਨੂੰ ਪਹਿਲ ਦੇਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ |ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕਹੇ |ਮੰਚ ਦਾ ਸੰਚਾਲਨ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਹੁਣ ਤੱਕ ਖਰ੍ਹਵੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਉਤਪਾਦ ਨਿਰਮਾਣ ਦੇ ਖੇਤਰ ਵਿੱਚ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਵਿਸ਼ੇਸ਼ ਮੁਹਾਰਤੀ ਸਿਖਲਾਈ ਦਿੱਤੀ ਹੈ | ਉਹਨਾਂ ਕਿਹਾ ਕਿ 26 ਖੇਤੀ ਉੱਦਮੀ ਇਸ ਕੇਂਦਰ ਤੋਂ ਸਿਖਲਾਈ ਲੈ ਕੇ ਸਰਕਾਰੀ ਇਮਦਾਦ ਨਾਲ ਆਪਣਾ ਕਾਰੋਬਾਰ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ | ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ (ਪਾਬੀ) ਦਾ ਸਭ ਤੋਂ ਵਧੀਆ ਕੇਂਦਰ ਵੀ ਪੀ.ਏ.ਯੂ. ਵਿੱਚ ਸਥਾਪਿਤ ਹੋਣ ਬਾਰੇ ਵੀ ਜਾਣਕਾਰੀ ਡਾ. ਰਿਆੜ ਨੇ ਦਿੱਤੀ | ਇਸ ਮੌਕੇ ਖਰ੍ਹਵੇ ਅਨਾਜਾਂ ਸੰਬੰਧੀ ਤਿੰਨ ਕਿਤਾਬਚੇ ਜਾਰੀ ਕੀਤੇ ਗਏ |ਦੋ ਤਕਨੀਕੀ ਸੈਸ਼ਨਾਂ ਵਿੱਚ ਮਿਲਿਟਸ ਬਾਰੇ ਪੀ.ਏ.ਯੂ. ਦੀਆਂ ਖੋਜਾਂ, ਚਾਰਿਆਂ ਦੇ ਪੱਖ ਤੋਂ ਮਿਲਿਟਸ ਦਾ ਉਤਪਾਦਨ ਅਤੇ ਉਤਪਾਦਨ ਤਕਨੀਕਾਂ ਤੋਂ ਇਲਾਵਾ ਸਿੰਚਾਈ, ਵਢਾਈ, ਵਢਾਈ ਉਪਰੰਤ ਸੰਭਾਲ, ਮੁੱਲ ਵਾਧਾ, ਖਰ੍ਹਵੇ ਅਨਾਜਾਂ ਦੇ ਪੌਸ਼ਕ ਅਤੇ ਸਿਹਤ ਸੰਬੰਧੀ ਤੱਤ, ਮਿਲਿਟਸ ਤੋਂ ਬਣੇ ਉਤਪਾਦਾਂ ਦਾ ਮੰਡੀਕਰਨ ਅਤੇ ਮਿਲਿਟਸ ਦੀ ਕਾਸ਼ਤ ਦੇ ਅਰਥ ਸ਼ਾਸਤਰ ਬਾਰੇ ਮਾਹਰਾਂ ਨੇ ਵਿਸਥਾਰ ਵਿੱਚ ਗੱਲਬਾਤ ਕੀਤੀ | ਸ਼ਾਮ ਦੇ ਸ਼ੈਸਨ ਵਿੱਚ ਮਿਲਿਟਸ ਦੇ ਖੇਤਰ ਵਿੱਚ ਕਾਰਜਸ਼ੀਲ ਉੱਦਮੀਆਂ ਅਤੇ ਮਾਹਰਾਂ ਵਿਚਕਾਰ ਵਿਚਾਰ-ਚਰਚਾ ਸ਼ੈਸਨ ਹੋਇਆ |