ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਐਥਲੈਟਿਕ ਮੀਟ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ

ਲੁਧਿਆਣਾ 26 ਅਪ੍ਰੈਲ : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਬੀਤੇ ਦਿਨੀਂ ਐਥਲੈਟਿਕ ਮੀਟ ਦੇ ਸਫਲ ਆਯੋਜਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਵੱਖ-ਵੱਖ ਆਯੋਜਨ ਕਮੇਟੀਆਂ ਦੇ ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ | ਡਾ. ਜੌੜਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਐਥਲੈਟਿਕ ਮੀਟ ਸਫਲਤਾ ਦੇ ਨਵੇਂ ਮਿਆਰ ਸਥਾਪਿਤ ਕਰਦੀ ਸੰਪੂਰਨ ਹੋਈ ਹੈ | ਉਹਨਾਂ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ, ਆਯੋਜਕਾਂ ਅਤੇ ਸਮੁੱਚੇ ਕਰਮਚਾਰੀਆਂ ਦਾ ਸਹਿਯੋਗ ਅਤੇ ਉਤਸ਼ਾਹ ਦੇਖਣ ਵਾਲਾ ਸੀ | ਉਹਨਾਂ ਇਸ ਸਹਿਯੋਗ ਲਈ ਸਭ ਦਾ ਧੰਨਵਾਦ ਕਰਦਿਆਂ ਅਗਾਂਹ ਵੀ ਇਸ ਸਹਿਯੋਗ ਦੀ ਆਸ ਪ੍ਰਗਟਾਈ | ਡਾ. ਜੌੜਾ ਨੇ ਕਿਹਾ ਕਿ ਇਸ ਮੀਟ ਦੌਰਾਨ ਖੇਡਾਂ ਲਈ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਨੇ ਭਰਪੂਰ ਰੂਪ ਵਿੱਚ ਸਾਥ ਦਿੱਤਾ | ਸਰਵੋਤਮ ਹਾਕੀ ਪਲੇਅਰ ਬਣੇ ਮਹਾਂਵੀਰ ਸਿੰਘ ਨੂੰ ਸ. ਅਰਜੁਨ ਸਿੰਘ ਭੁੱਲਰ ਦੀ ਯਾਦ ਵਿੱਚ ਸਥਾਪਿਤ ਐਵਾਰਡ ਦਿੱਤਾ ਗਿਆ | ਲੜਕਿਆਂ ਦੇ ਵਰਗ ਵਿੱਚ ਬੈਸਟ ਐਥਲੀਟ ਬਣੇ ਹਰਸ਼ਾਨ ਸਿੰਘ, ਅਰਸ਼ਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਸੰਧੂ ਨੂੰ ਸ. ਅਮਰਪਾਲ ਸਿੰਘ ਸੰਧੂ ਐਵਾਰਡ ਅਤੇ ਲੜਕੀਆਂ ਦੇ ਵਰਗ ਵਿੱਚ ਸਰਵੋਤਮ ਐਥਲੀਟ ਚੁਣੀਆਂ ਗਈਆਂ ਹਰਲੀਨ ਕੌਰ, ਹਰਮੀਤ ਕੌਰ ਅਤੇ ਹਰਿਤਾ ਨੂੰ ਸ਼੍ਰੀਮਤੀ ਲਤਾ ਮਹਾਜਨ ਛੀਨਨ ਐਵਾਰਡ ਨਾਲ ਸਨਮਾਨਿਆ ਗਿਆ | ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿੱਚ ਸਰਵੋਤਮ ਸਾਇਕਲ ਚਾਲਕ ਬਣੇ ਜਸ਼ਨਪ੍ਰੀਤ ਕੌਰ ਅਤੇ ਜਸਲੀਨ ਕੌਰ ਨੂੰ ਸ. ਦਵਿੰਦਰ ਸਿੰਘ ਬਾਂਸਲ ਐਵਾਰਡ ਅਤੇ ਸਰਵੋਤਮ ਟੇਬਲ ਟੈਨਿਸ ਖਿਡਾਰੀਆਂ ਮੀਤਨੂਰ ਸਿੰਘ ਅਤੇ ਗੁਨਤਾਸ ਨੂੰ ਸ. ਹਰਪ੍ਰੀਤ ਸਿੰਘ ਕਲਸੀ ਨਕਦ ਐਵਾਰਡ ਨਾਲ ਸਨਮਾਨਿਆ ਗਿਆ | ਉਹਨਾਂ ਦੱਸਿਆ ਕਿ ਸ. ਗੁਰਬਚਨ ਸਿੰਘ ਬਾਜਵਾ ਸਰਵੋਤਮ ਐਥਲੀਟ ਐਵਾਰਡ ਹਰਲੀਨ ਕੌਰ ਅਤੇ ਹਰਸ਼ਾਨ ਸਿੰਘ ਨੂੰ ਪ੍ਰਦਾਨ ਕੀਤੇ ਗਏ ਅਤੇ ਸ. ਪਿਆਰਾ ਸਿੰਘ ਦੀ ਯਾਦ ਵਿੱਚ ਸਥਾਪਿਤ ਐਵਾਰਡ ਜਗਤੇਸ਼ਵਰਜੋਤ ਸਿੰਘ, ਮਹਾਂਵੀਰ ਸਿੰਘ ਅਤੇ ਹਰਸ਼ਾਨ ਸਿੰਘ ਨੂੰ ਦਿੱਤੇ ਗਏ | ਡਾ. ਜੌੜਾ ਨੇ ਦਾਨੀ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਝ ਹੋਰ ਪਰਿਵਾਰ ਵੀ ਖਿਡਾਰੀਆਂ ਦੀ ਇਮਦਾਦ ਲਈ ਅੱਗੇ ਆਉਣ ਦੇ ਇੱਛੁਕ ਹਨ ਅਤੇ ਯੂਨੀਵਰਸਿਟੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ |ਇਸ ਮੌਕੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ, ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਫੈਕਲਟੀ ਅਤੇ ਖੇਡਾਂ ਦੇ ਕੋਚ ਸਾਹਿਬਾਨ ਮੌਜੂਦ ਸਨ |