ਪੀ.ਏ.ਯੂ. ਦੇ ਖੇਤ ਮੌਸਮ ਵਿਗਿਆਨ ਵਿਭਾਗ ਨੇ ਵਾਤਾਵਰਣ ਦਿਵਸ ਮਨਾਇਆ

ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਨੇ ਪਲਾਸਟਿਕ ਪ੍ਰਦੂਸਣ ਤੋਂ ਮੁਕਤੀ ਥੀਮ ਨਾਲ ਵਿਸਵ ਵਾਤਾਵਰਣ ਦਿਵਸ ਮਨਾਇਆ| ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਬੜੇ ਹੀ ਉਤਸਾਹ ਨਾਲ ਭਾਗ ਲਿਆ| ਵਾਤਾਵਰਣ ਦੀ ਵਿਗੜ ਰਹੀ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਲਈ ਕੁਇਜ ਅਤੇ ਹੋਰ ਪੇਸਕਾਰੀਆਂ ਤੋਂ ਬਾਅਦ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਨਾਲ ਹੀ ਆਈ.ਏ.ਆਰ.ਆਈ, ਨਵੀਂ ਦਿੱਲੀ ਦੇ ਪ੍ਰਮੁੱਖ ਵਿਗਿਆਨੀ ਡਾ.ਜੋਏਦੀਪ ਮੁਖਰਜੀ ਵਿਸੇਸ ਮਹਿਮਾਨ ਵਜੋਂ ਸਾਮਲ ਸਨ | ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ.ਪੀ.ਕੇ. ਕਿੰਗਰਾ ਨੇ ਵਾਤਾਵਰਣ ਸੰਬੰਧੀ ਮੁੱਦਿਆਂ ਅਤੇ ਉਨ੍ਹਾਂਦੇ ਹੱਲ ਬਾਰੇ ਚਰਚਾ ਕੀਤੀ| ਉਨ੍ਹਾਂ ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ| ਨਾਲ ਹੀ ਡਾ. ਕਿੰਗਰਾ ਨੇ ਮੁੜ ਵਰਤੇ ਜਾਣ ਯੋਗ ਸਮੱਗਰੀ ਦੇ ਇਸਤੇਮਾਲ ਅਤੇ ਰਹਿੰਦ-ਖੂੰਹਦ ਨੂੰ ਘਟਾਉਣ ਲਈ ਉਤਸਾਹਿਤ ਕੀਤਾ| ਉਹਨਾਂ ਵਿਦਿਆਰਥੀਆਂ ਨੂੰ ਵਧੇਰੇ ਰੁੱਖ ਲਗਾਉਣ ਲਈ ਕਿਹਾ ਅਤੇ ਵਾਤਾਵਰਣ ਸੰਭਾਲ ਦੇ ਸੰਦੇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਾਰਗਦਰਸਨ ਕੀਤਾ| ਡਾ. ਰਵਿੰਦਰ ਕੌਰ ਧਾਲੀਵਾਲ ਨੇ ਆਪਣੇ ਭਾਸਣ ਵਿੱਚ ਵਾਤਾਵਰਣ ਦੀ ਸੁਰੱਖਿਆ ਅਤੇ ਕੁਦਰਤੀ ਸਰੋਤਾਂ ਦੇ ਨਾਲ-ਨਾਲ ਜੀਵ ਵਿਭਿੰਨਤਾ ਦੀ ਸੰਭਾਲ ਬਾਰੇ ਵਿਚਾਰ ਪੇਸ਼ ਕੀਤੇ | ਉਹਨਾਂ ਕਿਹਾ ਕਿ ਨੌਜਵਾਨ ਇਸ ਉਦੇਸ ਵਿੱਚ ਭਰਵਾਂ ਯੋਗਦਾਨ ਪਾ ਸਕਦੇ ਹਨ| ਡਾ. ਧਾਲੀਵਾਲ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਪ੍ਰਤੀ ਜਾਗਰੂਕ ਕੀਤਾ | ਡਾ. ਜੋਏਦੀਪ ਮੁਖਰਜੀ ਨੇ ਵਾਤਾਵਰਣ ਦੀ ਵਿਗੜ ਰਹੀ ਸਥਿਤੀ ਅਤੇ ਦਿਨ ਪ੍ਰਤੀ ਦਿਨ ਜੀਵਨ ਵਿੱਚ ਪਲਾਸਟਿਕ ਦੇ ਵੱਧ ਰਹੇ ਖਤਰੇ ਬਾਰੇ ਵੀ ਚਿੰਤਾ ਪ੍ਰਗਟ ਕੀਤੀ| ਉਨ੍ਹਾਂ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਵਾਤਾਵਰਣ ਦੀ ਸਿਹਤ ਨੂੰ ਕਾਇਮ ਰੱਖਣ ਲਈ ਮੁੜ ਵਰਤੇ ਜਾਣ ਯੋਗ ਸਮੱਗਰੀ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਆ| ਜੇਤੂਆਂ ਨੂੰ ਇਨਾਮ ਵਜੋਂ ਸਨਮਾਨ ਚਿੰਨ੍ਹ ਵੰਡੇ ਗਏ| ਪੋਸਟਰ ਮੁਕਾਬਲੇ ਵਿੱਚ ਕੁਮਾਰੀ ਨਵਨੀਤ ਕੌਰ ਨੇ ਪਹਿਲਾ, ਸਾਕਸੀ ਮਹਾਜਨ ਨੇ ਦੂਜਾ ਅਤੇ ਸੌਰਵ ਚੌਧਰੀ ਨੇ ਤੀਜਾ ਸਥਾਨ ਹਾਸਲ ਕੀਤਾ| ਪੇਸਕਾਰੀਆਂ ਅਤੇ ਕਵਿਤਾ ਮੁਕਾਬਲੇ ਵਿੱਚੋਂ ਸ੍ਰੀ ਅਭਿਸੇਕ ਧੀਰ ਅਤੇ ਸ੍ਰੀ ਲਵਪ੍ਰੀਤ ਸਿੰਘ ਨੂੰ ਜੇਤੂ ਐਲਾਨਿਆ ਗਿਆ| ਕੁਇਜ ਮੁਕਾਬਲੇ ਵਿੱਚ ਅਤਿਨ ਮਜੂਮਦਾਰ, ਸਿਮਰਨ, ਸੌਰਵ ਚੌਧਰੀ ਅਤੇ ਜਸਪ੍ਰੀਤ ਕੌਰ ਦੀ ਟੀਮ ਸੀ ਨੇ ਪਹਿਲਾ ਜਦਕਿ ਅਭਿਸੇਕ ਧੀਰ, ਨਿਖਿਲ, ਰੋਹਨ ਸਿਹਾਗ ਅਤੇ ਅੰਜੂਸਾ ਦੀ ਟੀਮ ਡੀ ਨੇ ਦੂਜਾ ਸਥਾਨ ਹਾਸਲ ਕੀਤਾ| ਇਸ ਮੌਕੇ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ| ਸਮਾਗਮ ਦੇ ਪ੍ਰਬੰਧ ਲਈ ਡਾ. ਹਰਲੀਨ ਕੌਰ ਅਤੇ ਡਾ. ਸੁਖਜੀਤ ਕੌਰ ਨੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ | ਪੀ.ਐਚ.ਡੀ. ਦੇ ਖੋਜਾਰਥੀ ਅੰਕਿਤ ਨੇ ਪ੍ਰੋਗਰਾਮ ਦੀ ਕਾਰਵਾਈ ਚਲਾਈ ਅਤੇ ਡਾ. ਆਰ ਕੇ ਪਾਲ ਨੇ ਕੁਇਜ ਦਾ ਸੰਚਾਲਨ ਕੀਤਾ| ਅੰਤ ਵਿੱਚ ਡਾ. ਸੋਮ ਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ|