ਪੀ.ਏ.ਯੂ. ਵਿਚ ਖਪਤਕਾਰ ਜਾਗਰੂਕਤਾ ਹਫਤਾ ਮਨਾਇਆ ਗਿਆ

ਲੁਧਿਆਣਾ 18 ਮਾਰਚ : ਪੀ.ਏ.ਯੂ. ਦੇ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਵਿਭਾਗ ਵੱਲੋਂ ਗਾਹਕਾਂ ਨੂੰ ਜਾਗਰੂਕ ਕਰਨ ਲਈ ਖਪਤਕਾਰ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ| ਇਸ ਜਸ਼ਨ ਦੌਰਾਨ 14 ਅਤੇ 15 ਮਾਰਚ ਦੇ ਕਿਸਾਨ ਮੇਲੇ ਵਿਚ ਪੇਂਡੂ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਦਾ ਕਾਰਜ ਕੀਤਾ ਗਿਆ| ਇਸ ਤੋਂ ਇਲਾਵਾ 30 ਦੇ ਕਰੀਬ ਵਿਦਿਆਰਥੀਆਂ ਨੇ ਪੋਸਟਰ ਬਨਾਉਣ ਦੇ ਮੁਕਾਬਲਿਆਂ ਵਿਚ ਭਾਗ ਲਿਆ| ਇਸ ਦੌਰਾਨ ਗੁਰਲੀਨ, ਅਨਾਮਿਕਾ ਅਤੇ ਮਾਨਸੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤੇ| ਵਿਭਾਗ ਵੱਲੋਂ ਪੀ.ਏ.ਯੂ. ਕੈਂਪਸ ਵਿਚ ਇਕ ਰੈਲੀ ਕੱਢੀ ਗਈ| ਸਮਾਰੋਹ ਦੇ ਮੁੱਖ ਮਹਿਮਾਨ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਸਨ| ਡਾ. ਬੈਂਸ ਨੇ ਕਿਹਾ ਕਿ ਜਾਗਰੂਕ ਗਾਹਕ ਸਿਹਤਮੰਦ ਸਮਾਜ ਦੀ ਪਛਾਣ ਹੁੰਦੇ ਹਨ| ਉਹਨਾਂ ਵਿਦਿਆਰਥੀਆਂ ਵੱਲੋਂ ਗਾਹਕਾਂ ਨੂੰ ਉਹਨਾਂ ਦੇ ਹੱਕਾਂ ਅਤੇ ਫਰਜ਼ਾਂ ਬਾਰੇ ਜਾਗਰੂਕ ਕਰਨ ਦੇ ਅਮਲ ਦੀ ਸ਼ਲਾਘਾ ਕੀਤੀ| ਵਿਭਾਗ ਦੇ ਮੁਖੀ ਡਾ. ਸ਼ਰਨਬੀਰ ਕੌਰ ਬੱਲ ਨੇ ਵਿਦਿਆਰਥੀਆਂ ਦੀ ਗਤੀਵਿਧੀਆਂ ਦੀ ਪ੍ਰਸ਼ੰਸ਼ਾਂ ਕਰਦਿਆਂ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ| ਡਾ. ਹਰਪਿੰਦਰ ਕੌਰ, ਡਾ. ਸ਼ਿਵਾਨੀ ਰਾਣਾ ਅਤੇ ਡਾ. ਦੀਪਿਕਾ ਬਿਸ਼ਟ ਇਸ ਸਮਾਗਮ ਦੇ ਕੁਆਰਡੀਨੇਟਰ ਸਨ|