ਸਵੱਛ ਜਲ ਸੇ ਸੁਰੱਖਿਆ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਨੇ ਪ੍ਰਾਪਤ ਕੀਤਾ 100 ਫੀਸਦੀ ਟੀਚਾ

  • ਹਰ ਘਰ ਪਾਣੀ, ਹਰ ਘਰ ਸਫਾਈ ਮੁਹਿੰਮ ਪਟਿਆਲਾ 'ਚ ਹੋਈ ਸਫ਼ਲ-ਈਸ਼ਾ ਸਿੰਘਲ

ਪਟਿਆਲਾ, 23 ਮਈ : ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਨੇ 'ਸਵੱਛ ਜਲ ਸੇ ਸੁਰੱਖਿਆ ਮੁਹਿੰਮ' ਤਹਿਤ ਪਟਿਆਲਾ ਜ਼ਿਲ੍ਹੇ ਨੇ 100 ਫੀਸਦੀ ਟੀਚਾ ਪ੍ਰਾਪਤ ਕੀਤਾ ਹੈ। ਏ.ਡੀ.ਸੀ. (ਦਿਹਾਤੀ ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਵਿੱਚ ਸਵੱਛ ਜਲ ਸਪਲਾਈ ਕਰਨ ਲਈ ਵਚਨਬੱਧ ਹੈ। ਇਸੇ ਤਹਿਤ ਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਵੱਲੋਂ ਹਰ ਘਰ ਜਲ ਤੇ ਜਲ ਜੀਵਨ ਮਿਸ਼ਨ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੇ ਸਰੋਤਾਂ ਦੀ 100 ਫੀਸਦੀ ਕੈਮੀਕਲ ਅਤੇ ਬੈਕਟੀਰੀਓਲੋਜੀਕਲ ਟੈਸਟਿੰਗ ਕੀਤੀ ਗਈ ਹੈ। ਈਸ਼ਾ ਸਿੰਘਲ ਨੇ ਅੱਗੇ ਦੱਸਿਆ ਕਿ ਪਟਿਆਲਾ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਜਲ ਗੁਣਵੱਤਾ ਲਈ ਘੱਟੋ-ਘੱਟ 3 ਨਮੂਨਿਆਂ ਐਫ.ਐਚ.ਟੀ.ਸੀ. (ਫੰਕਸ਼ਨਲ ਹਾਊਸਹੋਲਡ ਟੈਪ ਕੁਨੈਕਸ਼ਨ) ਦੀ ਜਾਂਚ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 100 ਫੀਸਦੀ ਜਲ ਦੀ ਗੁਣਵੱਤਾ ਪਰਖ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਫ਼.ਟੀ.ਕੇ. (ਫੀਲਡ ਟੈਸਟਿੰਗ ਕਿੱਟ) ਜਾਂ ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਦੌਰਾਨ ਪਾਏ ਗਏ ਸਾਰੇ ਦੂਸ਼ਿਤ ਨਮੂਨਿਆਂ ਲਈ ਲੋੜੀਂਦੀ ਕਾਰਵਾਈ ਕੀਤੀ ਗਈ ਹੈ। ਏ.ਡੀ.ਸੀ. ਨੇ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 100 ਫ਼ੀਸਦੀ ਪਿੰਡਾਂ ਵਿੱਚ 5 ਅਤੇ ਹੋਰ ਔਰਤਾਂ ਨੂੰ ਐਫ਼.ਟੀ.ਕੇ. ਦੀ ਵਰਤੋਂ ਲਈ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 'ਸਵੱਛ ਜਲ ਸੇ ਸੁਰੱਖਿਆ ਮੁਹਿੰਮ' ਤਹਿਤ ਜਲ ਦੀ ਗੁਣਵੱਤਾ ਪਰਖ ਕਰਨ ਲਈ ਕੈਂਪ ਲਗਾਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ।