ਪਟਿਆਲਾ: 100 ਮੰਡੀਆਂ 'ਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ

  • ਜ਼ਿਲ੍ਹੇ ਦੀਆਂ ਮੰਡੀਆਂ 'ਚ 893611 ਮੀਟ੍ਰਿਕ ਟਨ ਕਣਕ ਦੀ ਰਿਕਾਰਡ ਆਮਦ

ਪਟਿਆਲਾ, 14 ਮਈ : ਪਟਿਆਲਾ ਜ਼ਿਲ੍ਹੇ ਦੀਆਂ 100 ਮੰਡੀਆਂ ਵਿੱਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ ਹੋ ਚੁੱਕੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਾਰ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ 893611 ਮੀਟ੍ਰਿਕ ਟਨ ਕਣਕ ਦੀ ਰਿਕਾਰਡ ਆਮਦ ਹੋਈ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਣਕ ਦੇ ਖਾਲੀ ਹੋਏ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਖਰੀਦ ਏਜੰਸੀਆਂ ਨੇ ਕਣਕ ਦੀ ਨਿਰਵਿਘਨ ਖਰੀਦ ਕਰਕੇ ਕਿਸਾਨਾਂ ਨੂੰ 1896.13 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ। ਕਣਕ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚੋਂ 96.05 ਫੀਸਦੀ (8 ਲੱਖ 56 ਹਜਾਰ 823 ਮੀਟ੍ਰਿਕ ਟਨ) ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 100 ਮੰਡੀਆਂ 'ਚੋਂ 100 ਫੀਸਦੀ ਲਿਫਟਿੰਗ ਮੁਕੰਮਲ ਹੋਈ ਹੈ।