ਪ੍ਰਕਾਸ਼ ਸਿੰਘ ਬਾਦਲ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ : ਪ੍ਰੋ. ਬਡੂੰਗਰ

ਪਟਿਆਲਾ, 30 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਅਕਾਲੀ ਸਿਆਸਤ ਦੇ ਧੁਰੇ ਤੇ ਦਰਵੇਸ਼ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੇ ਹੋਏ ਦਿਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹੋ ਜਿਹੇ ਇਨਸਾਨ ਦੁਨੀਆਂ ਤੇ ਵਿਰਲੇ ਹੀ ਜਨਮ ਲੈਂਦੇ ਹਨ, ਕਿਉਂਕਿ ਉਨ੍ਹਾਂ ਵੱਲੋਂ ਦੇਸ਼ ਤੇ ਰਾਜ ਪ੍ਰਤੀ ਜਜਬੇ, ਇਨਸਾਨੀਅਤ ਲਈ ਕੀਤੇ ਕਾਰਜਾਂ, ਹਮੇਸ਼ਾ ਵਿਕਾਸ ਨੂੰ ਸਮਰਪੱਤ ਸੋਚ ਸਦਕਾ ਪੂਰੇ ਦੇਸ਼ ਭਰ ਵਿਚ ਫੈਲੀ ਸੋਗ ਦੀ ਲਹਿਰ ਅਤੇ ਲਾਮਿਸਾਲ ਸੰਗਤਾਂ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਪ੍ਰੋ. ਬਡੂੰਗਰ ਨੇ ਕਿਹਾ ਕਿ 27 ਅਪ੍ਰੈਲ 1970 ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹੱਥ ਮਿਲਾਕੇ ਇਕੱਠੇ ਹੋਏ ਸਨ ਤੇ ਅੱਜ ਪੂਰੇ 53 ਸਾਲਾਂ ਬਾਅਦ 27 ਅਪ੍ਰੈਲ ਨੂੰ ਹੀ ਉਨ੍ਹਾਂ ਦਾ ਵਿਛੋੜਾ ਹੋਇਆ। ਪ੍ਰੋਫੈਸਰ ਬਡੂੰਗਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹਨਾਂ ਨੇ ਸਰਦਾਰ ਬਾਦਲ ਨਾਲ 53 ਸਾਲ ਲਗਾਤਾਰ ਪਾਰਟੀ ਦੀ ਮਜਬੂਤੀ ਤੇ ਚੜ੍ਹਦੀਕਲਾ ਲਈ ਇਕੱਠਿਆਂ ਕੰਮ ਕੀਤਾ ਤੇ ਸਾਰੀ ਉਮਰ ਉਹਨਾਂ ਨਾਲ ਸਾਥ ਨਿਭਾਇਆ। ਉਨ੍ਹਾਂ ਦੱਸਿਆ ਕਿ ਪਾਰਟੀ ਵਿਚ ਰਹਿੰਦਿਆਂ ਬਹੁਤ ਕਠਿਨਾਇਆਂ ਅਤੇ ਉਤਰਾਅ-ਚੜਾਅ ਵੀ ਸਾਹਮਣੇ ਆਏ, ਪ੍ਰੰਤੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣੇ ਤੋਂ ਕਦੀ ਵੱਖ ਨਹੀਂ ਹੋਣ ਦਿੱਤਾ ਤੇ ਪਾਰਟੀ ਵਿੱਚ ਹਰ ਸਮੇਂ ਪੂਰਾ ਮਾਣ-ਸਤਿਕਾਰ ਦਿੱਤਾ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਜਿਥੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਪੰਜ ਵਾਰ ਮੁੱਖ ਮੰਤਰੀ ਹੁੰਦਿਆਂ ਪੰਜਾਬ ਵਿਚ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ, ਉਥੇ ਹੀ 5 ਫਰਵਰੀ 1998 ਨੂੰ ਇਤਿਹਾਸਕ ਫੈਸਲਾ ਕਰਦਿਆਂ ਹੋਇਆਂ ਪੰਜਾਬ ਨੂੰ ਹਿੰਦੁਸਤਾਨ ਦਾ ਪਹਿਲਾ ਸੂਬਾ ਬਣਾਇਆ, ਜਿੱਥੇ ਪੰਜਾਬ ਦੇ ਰਹਿਣ ਵਾਲੇ ਸਾਰੇ ਫੌਜੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਹੀ ਸਹੂਲਤਾਂ ਪ੍ਰਦਾਨ ਕੀਤੀਆਂ, ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਮਿਲਦੀਆਂ ਸਨ ਤੇ ਇਸ ਦੇ ਨਾਲ ਹੀ ਮਾਰਚ 1999 ਵਿੱਚ ਫੌਜੀ ਵਿਧਵਾਵਾਂ, ਜਿਨ੍ਹਾਂ ਨੂੰ ਉਨ੍ਹਾਂ ਦੀ ਉਚ ਵਿੱਦਿਅਕ ਯੋਗਤਾ ਦੇ ਮੁਤਾਬਿਕ ਸਰਕਾਰੀ ਨੌਕਰੀ ਤੇ ਇੱਥੋਂ ਤਕ ਪੀਸੀਐਸ ਤੱਕ ਸਿੱਧੀ ਭਰਤੀ ਕਰਕੇ ਵੱਡੀ ਮਿਸਾਲ ਕਾਇਮ ਕੀਤੀ ਤੇ ਉਹ ਕਾਨੂੰਨ ਅੱਜ ਵੀ ਬਾਦਸਤੂਰ ਕਾਇਮ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਸ. ਬਾਦਲ ਨਾਲ ਉਨ੍ਹਾਂ ਨੂੰ ਪਾਰਟੀ ਦੇ ਸੈਕਟਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਬਤੌਰ ਓ.ਐਸ.ਡੀ (ਵਿਸ਼ੇਸ਼ ਕਾਰਜ ਅਫਸਰ) ਵਜੋਂ ਸੇਵਾਵਾ ਕਰਨ ਦਾ ਮੌਕਾ ਮਿਲਿਆ ਤੇ ਨਿਰੰਤਰ 53 ਸਾਲ ਪੂਰਾ ਸਾਥ ਨਿਭਾ ਕੇ ਉਹ ਸ. ਬਾਦਲ ਦੇ ਨਾਲ ਰਹੇ।