ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਥਕ ਇਕੱਠ 24 ਮਈ ਨੂੰ

ਮੁੱਲਾਂਪੁਰ ਦਾਖਾ, 21 ਮਈ (ਸਤਵਿੰਦਰ ਸਿੰਘ ਗਿੱਲ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 24 ਮਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਚੌਂਕ ਵਿੱਚ ਲੱਗੇ ਉਨ੍ਹਾਂ ਦੇ ਸੁੰਦਰ ਸਰੂਪ ਦੇ ਬਿਲਕੁਲ ਸਾਹਮਣੇ ਸਰਾਭਾ ਪੰਥਕ ਮੋਰਚਾ ਸਥਾਨ ਵਿਖੇ ਪੰਥਕ ਇਕੱਠ ਹੋਵੇਗਾ। ਪੱਤਰਕਾਰਾਂ ਗੱਲਬਾਤ ਕਰਦਿਆਂ ਸਰਾਭਾ ਪੰਥਕ ਮੋਰਚੇ ਦੇ ਆਗੂ ਜਥੇਦਾਰ ਅਮਰ ਸਿੰਘ ਜੁੜਾਹਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਨੇ ਆਖਿਆ ਕਿ ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਸਿਰਫ ਸਾਡੇ ਉਨੀਆਂ ਸਾਲਾਂ ਦੀ ਉਮਰ ਵਿੱਚ ਆਪਣੀ ਜਾਨ ਦੇਸ ਤੋਂ ਨਿਸ਼ਾਵਰ ਕਰ ਦਿੱਤੀ ਤੇ ਸਾਨੂੰ ਗੋਰਿਆਂ ਦੀ ਚੁੰਗਲ ਤੋਂ ਅਜ਼ਾਦ ਕਰਵਾਇਆ। ਉਨ੍ਹਾਂ ਦੀ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਕੇ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਪਰ ਸਰਕਾਰਾਂ ਵੱਲੋਂ ਜੋ ਸਤਿਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਦਿੱਤਾ। ਇਥੋਂ ਤੱਕ ਕੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ । ਜਦਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਸੀ ਕਿ ਸਾਡੀ ਕਰਬਾਨੀ ਤੋਂ ਬਾਅਦ ਜੋ ਆਜ਼ਾਦੀ ਪ੍ਰਾਪਤ ਹੋਵੇ ਉਸ ਭਾਰਤ ਦੇਸ਼ ਵਿੱਚ ਹਰ ਇੱਕ ਨੂੰ ਬਰਾਬਰਤਾ ਦਾ ਅਧਿਕਾਰ ਹੋਵੇ । ਪਰ ਭਾਰਤ ਦੀ ਆਜ਼ਾਦੀ ਲਈ ਜਿਸ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਦੇ ਨਾਲ ਹੀ ਸਭ ਤੋਂ ਵੱਧ ਅੱਤਿਆਚਾਰ ਹੋ ਰਿਹਾ ਹੈ । ਅੱਜ ਦੇਸ਼ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ। ਪਰ ਸਰਕਾਰ ਇਨਸਾਫ਼ ਦੇਣ ਨੂੰ ਤਿਆਰ ਨਹੀਂ । ਉਥੇ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੁਝਾਰੂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਬਜਾਏ ਸਰਕਾਰਾਂ ਆਪਣੇ ਕਾਲੇ ਕਾਰਨਾਮਿਆਂ ਦੇ ਨਾਲ ਹੋਰ ਬੰਦੀ ਸਿੰਘ ਬਣਾ ਰਹੀਆਂ ਹਨ। ਬਾਕੀ ਖੁਸ਼ੀ ਵਾਲੀ ਗੱਲ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਰਿਵਾਰ 'ਚ ਬਾਬਾ ਬੰਤਾ ਸਿੰਘ ਜੀ ਮੁਹਾਲੀ ਖੁਰਦ ਵਿਸ਼ੇਸ਼ ਤੌਰ ਤੇ ਹਾਜਰੀ ਭਰਨਗੇ । ਉਹਨਾਂ ਨੇ ਆਖਰ ਵਿਚ ਆਖਿਆ ਕੇ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੀ ਸਹਿਯੋਗੀ ਸਰਾਭਾ ਪੰਥਕ ਮੋਰਚਾ ਵੱਲੋਂ 24 ਮਈ ਸਵੇਰੇ 11 ਵਜੇ ਤੋਂ 1 ਵਜੇ ਤੱਕ ਪੰਥ ਲਈ ਦਰਦ ਰੱਖਣ ਵਾਲੇ ਬੁਲਾਰਿਆਂ ਵਿੱਚੋਂ ਪਹਿਰੇਦਾਰ ਦੇ ਮੁੱਖ ਸੰਪਾਦਕ ਸ ਜਸਪਾਲ ਸਿੰਘ ਹੇਰਾਂ, ਬਾਪੂ ਗੁਰਚਰਨ ਸਿੰਘ ਹਵਾਰਾ, ਭਾਈ ਪਾਲ ਸਿੰਘ ਫਰਾਂਸ, ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਭਾਈ ਰਾਜਦੀਪ ਸਿੰਘ ਆਂਡਲੂ, ਨੌਜਵਾਨ ਨਿਧੜਕ ਆਗੂ ਜਗਤਾਰ ਸਿੰਘ ਤਲਵੰਡੀ ਰਾਏ , ਬਲਦੇਵ ਸਿੰਘ ਦੇਵ ਸਰਾਭਾ ਆਦਿ ਵੱਡੀ ਗਿਣਤੀ ਵਿਚ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਮਾਸਟਰ ਆਤਮਾ ਸਿੰਘ ਚੌਕੀਮਾਨ, ਸੁਖਬੀਰ ਸਿੰਘ ਸੋਹੀਆਂ, ਬਹਾਦਰ ਸਿੰਘ , ਮਾਸਟਰ ਗੁਰਮਿੰਦਰ ਸਿੰਘ ਦਾਖਾ, ਬਲਦੇਵ ਸਿੰਘ, ਬਲਵਿੰਦਰ ਸਿੰਘ, ਤੇਜਾ ਸਿੰਘ , ਜਗਦੀਸ਼ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ , ਕਰਤਾਰ ਸਿੰਘ, ਪੰਚ ਕਲਵੰਤ ਸਿੰਘ, ਜਗਰਾਜ ਸਿੰਘ, ਨਿਰਮਲ ਸਿੰਘ , ਅਵਨਿੰਦਰ ਸਿੰਘ , ਜਸਵਿੰਦਰ ਸਿੰਘ , ਗੁਰਮੇਲ ਸਿੰਘ ਜੜ੍ਹਾਹਾਂ, ਤਜਿੰਦਰ ਸਿੰਘ, ਜਥੇਦਾਰ ਅਮਰ ਸਿੰਘ ਜੜ੍ਹਾਹਾਂ, ਬਹਾਦਰ ਸਿੰਘ ਕੁਲਾਰ, ਕਰਤਾਰ ਸਿੰਘ , ਗੁਰਮੇਲ ਸਿੰਘ, ਅਜੀਤ ਸਿੰਘ ,ਗੁਰਦੀਪ ਸਿੰਘ, ਰਣਜੀਤ ਸਿੰਘ , ਅਮਰਪਾਲ ਸਿੰਘ , ਕਰਮ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।