ਪਦਮ ਸ਼੍ਰੀ ਰਜਨੀ ਬੈਕਟਰ ਨੇ ਪੀ ਏ ਯੂ ਦੇ ਵਿਦਿਆਰਥੀਆਂ ਨੂੰ ਪ੍ਰੇਰਕ ਭਾਸ਼ਣ ਦਿੱਤਾ

ਲੁਧਿਆਣਾ 21 ਮਾਰਚ : ਪੀ ਏ ਯੂ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਨੇ   ਇੱਕ ਪ੍ਰਸਿੱਧ ਉਦਯੋਗਪਤੀ ਅਤੇ ਸ਼੍ਰੀਮਤੀ ਬੈਕਟਰ ਫੂਡ ਸਪੈਸ਼ਲਿਟੀਜ਼ ਅਤੇ ਕ੍ਰੀਮਿਕਾ ਗਰੁੱਪ ਆਫ ਕੰਪਨੀਜ਼ ਦੇ ਸੰਸਥਾਪਕ, ਪਦਮਸ਼੍ਰੀ ਰਜਨੀ ਬੈਕਟਰ ਜੀ ਦਾ ਇੱਕ ਪ੍ਰੇਰਣਾਦਾਇਕ ਭਾਸ਼ਣ ਕਰਵਾਇਆ। ਇਹ ਭਾਸ਼ਣ ਪੀ ਏ ਯੂ ਦੇ ਪਾਲ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਸ਼੍ਰੀਮਤੀ ਰਜਨੀ ਬੈਕਟਰ ਨੇ ਆਪਣੀ 'ਸਫਲਤਾ ਦੀ ਕਹਾਣੀ' ਸਾਂਝੀ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਘਰ ਦੇ ਵਿਹੜੇ ਤੋਂ ਸ਼ੁਰੂ ਹੋ ਕੇ ਕ੍ਰੀਮਿਕਾ ਨੂੰ ਵਿਸ਼ਵ ਭਰ ਦੇ ਭੋਜਨ ਉਦਯੋਗ ਵਿੱਚ ਸਭ ਤੋਂ  ਪਸੰਦੀਦਾ ਬ੍ਰਾਂਡਾਂ ਵਿੱਚੋਂ ਇੱਕ ਬਣਾਉਣ ਦੀ ਆਪਣੀ ਯਾਤਰਾ ਤੇ ਝਾਤ ਪਵਾਈ। ਸ਼੍ਰੀਮਤੀ ਬੈਕਟਰ ਨੇ ਆਪਣੀ ਭਾਸ਼ਣ ਸ਼ੈਲੀ, ਪ੍ਰੇਰਕ ਗੱਲਬਾਤ ਅਤੇ ਸੰਘਰਸ਼ ਦੀ ਦਾਸਤਾਨ ਸੁਣਾ ਕੇ ਸਰੋਤਿਆਂ ਨੂੰ ਜੋੜੀ ਰੱਖਿਆ। ਉਨ੍ਹਾਂ ਨੇ ਵੱਡੇ ਸੁਪਨੇ ਵੇਖਣ ਅਤੇ ਫਿਰ ਲਗਾਤਾਰ ਕੋਸ਼ਿਸ਼ਾਂ ਅਤੇ ਸਖਤ ਮਿਹਨਤ ਦੁਆਰਾ ਉਨ੍ਹਾਂ ਨੂੰ ਸਾਕਾਰ ਕਰਨ 'ਤੇ ਜ਼ੋਰ ਦਿੱਤਾ।  ਕੰਮਕਾਜੀ ਔਰਤਾਂ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਨੂੰ ਰੱਦ ਕਰਦਿਆਂ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇਕਰ ਕੰਮ ਕਰਨ ਦਾ ਜੋਸ਼ ਅਤੇ ਜਜ਼ਬਾ ਹੋਵੇ, ਤਾਂ ਕੋਈ ਵੀ ਰੁਕਾਵਟ ਮਨੁੱਖ ਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਨੇ ਸਾਰੇ ਵਿਦਿਆਰਥੀ ਉੱਦਮੀਆਂ ਨੂੰ ਪ੍ਰੇਰਿਤ ਕਰਦਿਆਂ  ਕਿਹਾ ਕਿ ਉਹ ਆਪਣੇ ਆਪ ਵਿੱਚ ਵਿਸ਼ਵਾਸ਼ ਰੱਖਣ ਅਤੇ ਪੂਰੇ ਜੋਸ਼, ਇਮਾਨਦਾਰੀ ਅਤੇ ਸਮਰਪਣ ਨਾਲ ਆਪਣੇ ਚੁਣੇ ਹੋਏ ਮਾਰਗਾਂ 'ਤੇ ਅੱਗੇ ਵਧਣ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੇ ਸ਼੍ਰੀਮਤੀ ਬੈਕਟਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਦੱਸੇ ਨੁਕਤਿਆਂ ਚਰਚਾ ਕੀਤੀ। ਪੀਏਯੂ ਦੇ ਰਜਿਸਟਰਾਰ ਸ਼੍ਰੀ ਰਿਸ਼ੀਪਾਲ ਸਿੰਘ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਮਾਨਵ ਇੰਦਰਾ ਸਿੰਘ ਗਿੱਲ ਅਤੇ ਵੱਖ-ਵੱਖ ਕਾਲਜਾਂ ਦੇ ਡੀਨ ਅਤੇ ਡਾਇਰੈਕਟਰਾਂ ਨੇ ਇਸ ਮੌਕੇ ਸ਼ਿਰਕਤ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਵਿਭਾਗਾਂ ਦੇ ਮੁਖੀ, ਫੈਕਲਟੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।