ਝੋਨੇ ਦੀ ਪਰਾਲੀ ਇੱਕ ਵੱਡਮੁੱਲੀ ਖਾਂਦ ਹੈ- ਹਰਪ੍ਰੀਤਪਾਲ ਕੌਰ

ਫਾਜ਼ਿਲਕਾ, 27 ਸਤੰਬਰ : ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਨ ਸੀਟੂ ਸਟਰਾਅ ਮੈਨੇਜਮੈਂਟ ਸਕੀਮ ਅਧੀਨ ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ ਡਾ ਗੁਰਮੀਤ ਚੀਮਾ ਅਤੇ ਬਲਾਕ ਖੇਤੀਬਾੜੀ ਅਫ਼ਸਰ ਜਲਾਲਾਬਾਦ ਹਰਪ੍ਰੀਤਪਾਲ ਕੌਰ ਦੀ ਯੋਗ ਅਗਵਾਈ ਹੇਠ ਪਰਾਲੀ ਦੀ  ਸਾਂਭ ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਬਲਾਕ ਜਲਾਲਾਬਾਦ ਦੇ ਪਿੰਡ ਜਾਨੀਸਰ, ਚੱਕ ਅਰਨੀ ਵਾਲਾ, ਗੁਮਾਨੀ ਵਾਲਾ, ਲਮੋਚੜ ਕਲਾਂ ਉਤਾੜ, ਹਿਠਾੜ, ਚੱਕ ਖੁੰਡ ਵਾਲਾ,ਬੱਘੇ ਕੇ ਹਿਠਾੜ ਅਤੇ ਪਿੰਡ ਚੱਕ ਅਰਨੀ ਵਾਲਾ, ਜਾਨੀਸਰ ਦੇ ਸਕੂਲ ਵਿੱਚ ਬੱਚਿਆਂ ਨੂੰ ਸੌਂਹ ਚੁਕਾਈ ਗਈ । ਪਰਵਸ਼ ਕੁਮਾਰ ਏ.ਡੀ.ਓ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਨੂੰ ਸਾਡੇ ਗੁਰੂਆਂ ਪੀਰਾਂ ਨੇ ਮਾਂ ਦਾ ਦਰਜਾ ਦਿੱਤਾ ਹੈ। ਅਸੀ ਸਾਰੇ ਇਸ ਵਿਚੋਂ ਅੰਨ ਉਗਾ ਕੇ ਖਾਂਦੇ ਹਾਂ ਸਾਨੂੰ ਇਸ ਦੀ ਕੁੱਖ ਨੂੰ ਨਹੀਂ ਸਾੜਨਾ ਚਾਹੀਦਾ। ਪਰਵਿੰਦਰ ਸਿੰਘ ਏ.ਡੀ.ਓ ਨੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਪਰਾਲੀ ਇੱਕ ਵੱਡਮੁੱਲੀ ਖਾਦ ਤੇ ਮਿੱਟੀ ਦੀ ਚੰਗੀ ਸਿਹਤ ਦਾ ਕੁਦਰਤੀ ਸਰੋਤ ਹੈ। ਉਹਨਾਂ ਵਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਤਹਿਜੀਹ ਦੇਣ ਲਈ ਪ੍ਰੇਰਿਤ ਕੀਤਾ ਗਿਆ । ਕਮਲਪ੍ਰੀਤ ਸਿੰਘ ਬਰਾੜ ਅਤੇ ਅੰਸ਼ੂਲ ਬਾਂਸਲ ਨੇ ਕਿਹਾ ਕਿ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਜਿਸ ਨਾਲ ਖੇਤੀ ਖਰਚੇ ਘਟਣਗੇ ਦੇ ਨਾਲ ਨਾਲ ਵਾਤਾਵਰਨ ਪ੍ਰਦੂਸ਼ਣ ਤੋਂ ਵੀ ਬਚਿਆ ਜਾ ਸਕਦਾ ਹੈ| ਉਹਨਾਂ ਨੇ ਕਿਹਾ ਕਿ ਆਈ-ਖੇਤ ਐਪ ਤੋ ਛੋਟੇ ਤੇ ਸੀਮਾਂਤ ਕਿਸਾਨ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਨੂੰ ਬੜੇ ਹੀ ਸਸਤੇ ਕਿਰਾਏ ਤੇ ਲੈ ਕੇ ਵਰਤ ਸਕਦੇ ਹਨ।ਇਸ ਐਪ ਜਰੀਏ ਕਿਸਾਨ ਆਧੁਨਿਕ ਮਸ਼ੀਨਾਂ ਜਿਵੇਂ ਹੈਪੀ ਸੀਡਰ, ਐੱਮ.ਬੀ. ਪਲਾਅ,ਚੋਪਰ ਮਲਚਰ,ਸੁਪਰਸੀਡਰ ਆਦਿ ਨੂੰ ਵਰਤ ਸਕਦੇ ਹਨ। ਸ਼੍ਰੀ ਅਮਨਦੀਪ ਸਿੰਘ ਬੀ.ਟੀ.ਐਮ ਅਤੇ ਗੁਰਵੀਰ ਸਿੰਘ ਏ.ਡੀ.ਓ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ, ਆਸ ਪਾਸ ਦੇ ਦਰੱਖਤ,ਪਸ਼ੂ ਪੰਛੀ ਅਤੇ ਸੜਕਾਂ ਤੇ ਗੁਜਰ ਰਹੇ ਮੁਸਾਫਿਰ ਬਹੁਤ ਪ੍ਰਭਾਵਤ ਹੁੰਦੇ ਹਨ ।ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਜੀਵਾਂ ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ, ਉਹਨਾਂ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂਹੰਦ ਨੂੰ ਆਪਣੀ ਜ਼ਮੀਨ ਵਿੱਚ ਹੀ ਮਿਲਾ ਕੇ ਮਿੱਟੀ ਦੀ ਸਿਹਤ ਬਰਕਰਾਰ ਰੱਖੀ ਜਾ ਸਕਦੀ ਹੈ।ਉਹਨਾਂ ਵਲੋਂ ਮਿਆਰੀ ਬਾਸਮਤੀ ਦੇ ਉਤਪਾਦਨ ਅਤੇ ਪਾਬੰਦੀਸ਼ੁਦਾ ਜ਼ਹਿਰਾਂ ਦੀ ਵਰਤੋਂ ਨਾ ਕਰਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਮੌਜੂਦ ਕਿਸਾਨਾ ਅਤੇ ਸਕੂਲ ਦੇ ਬੱਚਿਆਂ ਨੇ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਦਾ ਪੂਰਨ ਸਹਿਯੋਗ ਦਿਤਾ ਅਤੇ ਪਰਾਲੀ ਨੂੰ ਨਾ ਸਾੜਨ ਦੀ ਸਹਿਮਤੀ ਪ੍ਰਗਟਾਈ।