ਪੀ. ਏ. ਯੂ. ਨੇ ਪਛੜੀਆਂ ਸ਼੍ਰੇਣੀਆਂ ਲਈ ਸਿਖਲਾਈ ਕੈਂਪ ਲਗਾਇਆ

ਲੁਧਿਆਣਾ, 11 ਜਨਵਰੀ : ਬੀਤੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਨੇ ਆਲ ਇੰਡਿਆ ਕਾਰਡੀਨੇਟਿਡ ਖੋਜ ਪ੍ਰੋਜੈਕਟ ਦੇ ਅਧੀਨ ਸਕਿਲ ਡਿਵੈਲਪਮੈਂਟ ਸੈਂਟਰ ਨਾਲ ਮਿਲਕੇ ਪਛੜੀਆਂ ਸ਼੍ਰੇਣੀਆਂ ਲਈ ਸਿਖਲਾਈ ਕੈਂਪ ਆਯੋਜਿਤ ਕਿਤਾ ਗਿਆ। ਇਹ ਕੈਂਪ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿੱਚ ਲਗਾਇਆ ਗਿਆ, ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਲਾਲਦੀਵਾਲ  ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਤੋਂ 75 ਦੇ ਕਰੀਬ ਸਿਖਿਆਰਥੀਆਂ ਦੀ ਸ਼ਮੂਲੀਅਤ ਰਹੀ। ਹੁਣ ਤੱਕ ਇਸ ਸਕੀਮ ਦੇ ਤਹਿਤ 100 ਤੋਂ ਵੱਧ ਸਿਖਿਆਰਥੀਆਂ ਨੂੰ ਲਾਭ ਮਿਲ ਚੁਕਿਆ ਹੈ। ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ ਐਮ. ਐਸ. ਆਲਮ ਨੇ ਪਛੜੇ ਵਰਗਾਂ ਦੇ ਵੀਰਾਂ ਅਤੇ ਬੀਬੀਆਂ ਨੂੰ ਦਸਿਆ ਕਿ ਐਗਰੋ ਪ੍ਰੋਸੈਸਿੰਗ ਕੰਪਲੈਕਸਿਸ ਦੀ ਮਦਦ ਨਾਲ ਉਹ ਵਧੀਆ ਮਿਕਦਾਰ ਦੇ ਉਤਪਾਦ ਬਣਾ ਸਕਦੇ ਹਨ। ਉਹਨਾਂ ਨੇ ਇਹ ਵੀ ਦਸਿਆ ਕੇ ਆਮਦਨ ਦਾ ਸ੍ਰੋਤ ਘੱਟ ਹੋਣ ਦੇ ਬਾਵਜੂਦ ਇਹ ਲੋਕ ਮਿਲਕੇ ਘੱਟੋ-ਘੱਟ ਇੱਕ ਪ੍ਰੋਸੈਸਿੰਗ ਮਸ਼ੀਨਰੀ ਤੋਂ ਸ਼ੁਰੂਆਤ ਕਰ ਸਕਦੇ ਹਨ।ਇਸ ਦੇ ਨਾਲ-ਨਾਲ ਉਹ ਵਿਭਾਗ ਵਿੱਚ ਉਪਲੱਬਧ ਪ੍ਰੋਸੈਸਿੰਗ ਮਸ਼ੀਨਰੀ ਦੀ ਵਰਤੋਂ ਕਰਕੇ ਆਪਣੀ ਆਮਦਨ ਵਿੱਚ  ਵਾਧਾ ਕਰ ਸਕਦੇ ਹਨ। ਇਸ ਦੇ ਇਲਾਵਾ ਉਹਨਾਂ ਨੇ ਸ਼ਹਿਦ ਦੀ ਪ੍ਰੋਸੈਸਿੰਗ ਕਰ ਉਸਦੀ ਗੁਣਵੱਤਾ ਵਧਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਮਨਪ੍ਰੀਤ ਕੌਰ ਸੈਣੀ (ਕੀਟ ਵਿਗਿਆਨੀ) ਨੇ ਸਟੋਰ ਕੀਤੇ ਅਨਾਜ ਵਿੱਚ ਆਉਣ ਵਾਲੇ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਸਰਵਪੱਖੀ ਢੰਗ ਨਾਲ ਸਟੋਰ ਕੀਤੇ ਅਨਾਜ ਨੂੰ ਕੀੜਿਆਂ ਤੋਂ ਬਚਾਉਣ ਦੀ ਸਲਾਹ ਦਿੱਤੀ। ਡਾ. ਸੰਧਿਆ (ਸੀਨੀਅਰ ਸਾਇੰਸਦਾਨ) ਨੇ ਹਲਦੀ ਅਤੇ ਤੇਲ ਬੀਜ ਫਸਲਾਂ ਦੀ ਵਿਸਥਾਰ ਪੂਰਵਕ ਪ੍ਰੋਸੈਸਿੰਗ ਦੇ ਤਰੀਕੇ ਤੋਂ ਜਾਣੂ ਕਰਵਾਇਆ। ਡਾ. ਰੋਹਿਤ ਸ਼ਰਮਾ ਨੇ ਕਣਕ ਅਤੇ ਚੌਲਾਂ ਦੀ ਪਿੰਡ ਪੱਧਰ ਤੇ ਪ੍ਰੋਸੈਸਿੰਗ ਪ੍ਰਤੀਕਿਰਿਆ ਬਾਰੇ ਵਿਸਥਾਰ ਪੂਰਵਕ ਦਸਿਆ। ਡਾ. ਗਗਨਦੀਪ ਕੌਰ, ਮਾਈਕਰੋਬਾਇਲੋਜਿਸਟ ਨੇ ਖੁੰਬਾਂ ਦੀ ਪੈਦਾਵਾਰ ਅਤੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ। ਡਾ. ਮਨਿੰਦਰ ਕੌਰ ਨੇ ਗੁੜ ਬਨਾਉਣ ਦੀ ਸੁਰਖਿਅਤ ਤਕਨੀਕ ਬਾਰੇ ਜਾਣੂ ਕਰਵਾਇਆ। ਡਾ. ਟੀ ਸੀ ਮਿੱਤਲ, ਵਿਭਾਗ ਦੇ ਮੁਖੀ ਨੇ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਅਤੇ ਇਸ ਸਕੀਮਦੇ ਤਹਿਤ ਵੱਧ ਤੋਂ ਵੱਧ ਲਾਭ ਲੈਣ ਲਈ ਹੌਸਲਾ ਵਧਾਇਆ।ਇਸ ਮੌਕੇ ਆਏ ਹੋਏ ਵੀਰਾਂ ਅਤੇ ਬੀਬੀਆਂ ਨੂੰ ਤੇਲ ਕੱਢਣ ਵਾਲੀ ਮਸ਼ੀਨ, ਸ਼ਹਿਦ ਪ੍ਰੋਸੈਸ ਕਰਨ ਵਾਲੀ ਮਸ਼ੀਨ ਨੂੰ ਵਰਤਣ ਦੇ ਤਰੀਕੇ ਤੋਂ ਜਾਣੂ ਕਰਵਾਇਆ ਗਿਆ ਅਤੇ ਨਾਲ ਦੀ ਨਾਲ ਅਨਾਜ ਨੂੰ ਲੱਗਣ ਵਾਲੇ ਕੀੜੇ ਅਤੇ ਉਹਨਾ ਵੱਲੋਂ ਦਾਣਿਆਂ ਨੂੰ ਕੀਤਾ ਨੁਕਸਾਨ ਵੀ ਦਿਖਾਇਆ ਗਿਆ। ਇਹ ਕੈਂਪਾਂ ਨੂੰ ਵਧੀਆ ਤਰੀਕੇ ਨਾਲ ਨੇਪੜੇ ਚਾੜਨ ਲਈ ਡਾ. ਹਰਮਿੰਦਰ ਸਿੰਘ ਸਿੱਧੂ ਅਤੇ ਪੁਨੀਤ ਕਸ਼ਯਪ (ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਉਂਡੇਸ਼ਨ), ਜਲਾਲਦੀਵਾਲ ਵੱਲੋਂ ਪੂਰਾ ਸਹਿਯੋਗ ਕੀਤਾ ਗਿਆ। ਇਸ ਵਿੱਚ ਪੀ.ਏ.ਯੂ. ਦਾ ਲਿਟਰੇਚਰ, ਫੂਡ ਪ੍ਰੋਸੈਸਿੰਗ ਟੂਲ ਕਿੱਟਾਂ ਮੁਫਤ ਮੁਹਾਇਆ ਕਰਵਾਈਆਂ ਗਈਆਂ ਅਤੇ ਨਾਲ ਦੀ ਨਾਲ ਉਹਨਾਂ ਨੂੰ ਚੰਗੀ ਖੇਤੀ ਦੀ ਸਲਾਨਾ ਮੈਂਬਰਸ਼ਿਪ ਵੀ ਦਿੱਤੀ ਗਈ।