ਸੁਤੰਤਰਤਾ ਦਿਵਸ ਸਮਾਗਮ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਸਬੰਧੀ ਸਹਾਇਕ ਕਮਿਸ਼ਨਰ ਵੱਲ ਮੀਟਿੰਗ ਦਾ ਆਯੋਜਨ

  • ਕਿਹਾ, ਸਮੂਹ ਵਿਭਾਗਾਂ ਦੇ ਅਧਿਕਾਰੀ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ

ਫਾਜ਼ਿਲਕਾ 20 ਜੁਲਾਈ : ਸੁਤੰਤਰਤਾ ਦਿਵਸ ਸਮਾਗਮ ਰਵਾਇਤੀ ਸਾਨੋ ਸ਼ੌਕਤ ਅਤੇ ਉਤਸ਼ਾਹ ਨਾਲ ਮਨਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਸਬੰਧੀ ਮੀਟਿੰਗ ਸਹਾਇਕ ਕਮਿਸ਼ਨਰ  ਸਾਰੰਗਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਗਮ ਦੇ ਪ੍ਰਬੰਧਾਂ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਜ਼ਿੰਮੇਵਾਰੀਆਂ ਸੌਂਪੀਆਂ ਅਤੇ ਲੋੜੀਂਦੇ ਆਦੇਸ਼ ਵੀ ਦਿੱਤੇ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਇਹ ਸੁਤੰਤਰਤਾ ਦਿਵਸ ਸਮਾਗਮ ਦੇਸ਼ ਭਗਤੀ ਅਤੇ ਸਮਾਜਿਕ ਸੰਸਕ੍ਰਿਤਿਕ ਵਿਰਾਸਤ ਦਾ ਮੇਲ ਹੋਣਾ ਚਾਹੀਦਾ ਹੈ ਅਤੇ ਇਸ  ਸਮਾਗਮ ਨੂੰ ਵਧੀਆ ਤਰੀਕੇ ਨਾਲ ਕਰਨ ਦੇ ਲਈ ਸਮੂਹ ਵਿਭਾਗਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿੱਚ ਪੁਲਿਸ, ਪੰਚਾਇਤ, ਸਿੱਖਿਆ, ਸਿਹਤ, ਪੀ.ਡਬਲਯੂ.ਡੀ., ਜ਼ਿਲ੍ਹਾ ਮੰਡੀ ਬੋਰਡ, ਨਗਰ ਕੌਂਸਲ, ਆਰ.ਟੀ.ਏ, ਵਾਟਰ ਸਪਲਾਈ, ਬਿਜਲੀ ਬੋਰਡ ਅਤੇ ਖ਼ੁਰਾਕ ਸਪਲਾਈ ਵਿਭਾਗ ਆਦਿ ਸ਼ਾਮਲ ਹਨ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰਨ ਦੇ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਨੂੰ ਇਸ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਨ ਦੇ ਲਈ ਕੰਮ ਸੌਂਪਿਆ ਗਿਆ ਹੈ ਅਤੇ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਦੇਸ਼ ਦਿੱਤੇ ਕਿ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਦੇਸ਼-ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਤੁਰੰਤ ਰਿਹਰਸਲ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਤੰਤਰਤਾ ਦਿਵਸ ਮੌਕੇ ਸਟੇਡੀਅਮ ਤੇ ਆਸਫਵਾਲਾ ਸ਼ਹੀਦੀ ਸਮਾਰਕ ਦੀ ਸਾਫ-ਸਫਾਈ ਆਦਿ ਕਰਵਾਈ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡਾਕਟਰੀ ਟੀਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਵੀ ਕਿਹਾ ਤੇ ਰਿਫਰੈੱਸਮੈਂਟ ਦੀ ਸ਼ੁੱਧਤਾ ਚੈੱਕ ਕਰਨ ਲਈ ਵੀ ਕਿਹਾ। ਉਨ੍ਹਾਂ  ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਪਾਰਕਿੰਗ, ਸੁਰੱਖਿਆ ਆਦਿ ਦੇ ਇੰਤਜ਼ਾਮ ਪੁਖ਼ਤਾ ਕਰਨ ਲਈ ਕਿਹਾ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੁਤੰਤਰਤਾ ਦਿਵਸ ਸਮਾਗਮ ਮੌਕੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ ਤੇ ਜਨਰੇਟਰ ਸੈੱਟ ਦਾ ਵੀ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਐੱਸ.ਪੀ. ਮੋਹਨ ਲਾਲ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਿਮਾਂਸੂ ਕੁੱਕੜ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜੀਵ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਕੁਮਾਰ, ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਜਗਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।