ਸਲਾਇਟ ਲੌਂਗੋਵਾਲ ਵਿਖੇ “ਕੰਪਰੀਹੈਂਸਿਵ ਅਵੇਅਰਨੈਸ ਪ੍ਰੋਗਰਾਮ” ਭਾਗ ਦੂਜਾ ਤਹਿਤ ਸੈਮੀਨਾਰ ਦਾ ਆਯੋਜਨ

  • ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਕਰੀਬ 1200 ਵਿਦਿਆਰਥੀਆਂ ਨੇ ਲਿਆ ਹਿੱਸਾ

ਸੰਗਰੂਰ, 8 ਫਰਵਰੀ : ਸ੍ਰੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਕੰਪਰੀਹੈਂਸਿਵ ਅਵੇਅਰਨੈਸ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਲਾਇਟ ਲੌਂਗੋਵਾਲ ਦੇ ਆਡੀਟੋਰੀਅਮ ਵਿਖੇ  “ਜਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ” ਦੇ ਬੈਨਰ ਹੇਠ ਜਯੋਤੀ ਪ੍ਰਯਵਲਨ ਕਰਕੇ ਸੈਮੀਨਾਰ ਦਾ ਆਗਾਜ਼ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ 1200 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਨਸ਼ਿਆਂ ਖਿਲਾਫ ਸੌਂਹ ਚੁੱਕੀ। ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿੱਚ ਸ੍ਰੀ ਜਤਿੰਦਰ ਜੋਰਵਾਲ, ਡਿਪਟੀ ਕਮਿਸ਼ਨਰ ਸੰਗਰੂਰ ਨੇ ਬਤੌਰ ਮੁੱਖ ਮਹਿਮਾਨ ਅਤੇ ਪ੍ਰੋਫੈਸਰ ਐਮ.ਕੇ. ਪਾਸਵਾਨ ਡਾਇਰੈਕਟਰ, ਪ੍ਰੋਫੈਸਰ ਰਾਜੇਸ਼ ਕੁਮਾਰ, ਡੀਨ, ਸਲਾਇਟ ਨੇ ਉਚੇਚੇ ਤੌਰ ਤੇ ਭਾਗ ਲਿਆ। ਇਸ ਮੁਹਿੰਮ ਤਹਿਤ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਸੰਗਰੂਰ ਵਿਖੇ ਬਣਾਏ 09 ਬਲਾਕਾਂ ਵਿੱਚ ਪੋਸਟਰ ਮੇਕਿੰਗ ਅਤੇ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਬਲਾਕਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ 01-01 ਵਿਦਿਆਰਥੀ ਨੂੰ ਚੁਣਿਆ ਗਿਆ, ਜਿਨ੍ਹਾਂ ਦੀ ਹੌਂਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਮੈਡਲ, ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਸਰਸਵਤੀ ਵਿਦਿਆ ਮੰਦਰ ਚੀਮਾ ਦੇ 06 ਬੱਚਿਆਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਗਾਣੇ ਦੇ ਰੂਪ ਵਿੱਚ ਬੇਹਤਰੀਨ ਪੇਸ਼ਕਾਰੀ ਕਰਕੇ ਹਾਜ਼ਰੀਨ ਨੂੰ ਜਾਗਰੂਕ ਕੀਤਾ, ਜਿਨ੍ਹਾਂ ਨੂੰ ਵੀ ਸਰਟੀਫਿਕੇਟ ਤੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਸੈਮੀਨਰ ਵਿੱਚ ਦਿਲਪ੍ਰੀਤ ਕੌਰ, ਜਿਸਦਾ ਪਤੀ ਡਰੱਗ ਐਡਿਕਟਡ ਸੀ ਅਤੇ ਪ੍ਰਿਥੀ ਸਿੰਘ ਜੋ ਖੁੱਦ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆਇਆ ਹੈ, ਨੇ ਭਾਗ ਲੈ ਕੇ ਉਨ੍ਹਾਂ ਦੀ ਜਿੰਦਗੀ ਉਪਰ ਪਏ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਆਪਣਾ ਤਜੁਰਬਾ ਸਾਂਝਾ ਕੀਤਾ। ਜਿਨ੍ਹਾਂ ਨੂੰ ਇਨਾਮ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਪੀ.ਕੇ. ਜੈਨ ਪ੍ਰੋਜੈਕਟ ਕੋਆਰਡੀਨੇਟਰ ਸਲਾਇਟ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੜਾਈ ਦੇ ਨਾਲ-ਨਾਲ ਆਪਣੇ ਅੰਦਰ ਹੁਨਰ ਪੈਦਾ ਕਰਕੇ ਪੈਸੇ ਕਮਾਉਣ ਸਬੰਧੀ ਕਈ ਉਦਾਹਰਨਾਂ ਦੇ ਕੇ ਸਮਝਾਇਆ ਗਿਆ। ਜਿਸ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਆਰਥਿਕ ਹਾਲਾਤਾਂ ਵਿੱਚ ਸੁਧਾਰ ਹੋ ਸਕੇ। ਸ੍ਰੀ ਕਮਲਜੀਤ ਸਿੰਘ ਬਾਬਾ ਫਰੀਦ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ। ਅਜ਼ਾਦ ਰੰਗ ਮੰਚ ਫਗਵਾੜਾ ਵੱਲੋਂ ਸੈਮੀਨਾਰ ਵਿੱਚ ਸ਼ਿਰਕਤ ਕਰਕੇ ਪੇਸ਼ਕਾਰੀ ਕੀਤੀ ਗਈ ਅਤੇ ਯੂਨੀਵਰਸਿਟੀ ਕਾਲਜ ਬੇਨੜਾ ਵੱਲੋਂ ਪੰਜਾਬ ਦੇ ਲੋਕ ਸਾਜ਼, ਜਿਵੇਂ ਢੋਲ, ਤੂੰਬੀ, ਅਲਗੋਜੇ, ਬੀਨ, ਬੁਗਚੂ, ਬਾਂਸਰੀ, ਸਾਰੰਗੀ ਵਗੈਰਾ ਦੀ ਬੇਹਤਰੀਨ ਪੇਸ਼ਕਾਰੀ ਕੀਤੀ ਗਈ।  ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸਾਲ 2023 ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ 480 ਮੁਕੱਦਮੇ ਦਰਜ ਕੀਤੇ ਅਤੇ 15 ਨਸ਼ਾ ਤਸਕਰਾਂ ਦੀ 4,37,60,938/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਾਉਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਦੀ ਗਈ।  ਸਾਲ 2024 ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ 32 ਮੁਕੱਦਮੇ ਦਰਜ ਕੀਤੇ ਗਏ ਅਤੇ 05 ਨਸ਼ਾ ਤਸਕਰਾਂ ਦੀ 1,42,15,177/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਾਉਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।