ਨਸ਼ਿਆਂ ਦੇ ਖਾਤਮੇ ਲਈ ਵਿਢੀ ਗਈ ਜਾਗਰੂਕਤਾ ਮੁਹਿੰਮ ਤਹਿਤ ਪੱਕਾ ਸੀਡ ਫਾਰਮ ਵਿਖੇ ਸੈਮੀਨਾਰ ਦਾ ਆਯੋਜਨ

  • ਖੇਡਾਂ ਖੇਡਣ ਵੱਲ ਧਿਆਨ ਲਗਾ ਕੇ ਨਸ਼ਿਆਂ ਤੋਂ ਰਿਹਾ ਜਾ ਸਕਦੈ ਦੂਰ

ਫਾਜ਼ਿਲਕਾ, 23 ਦਸੰਬਰ : ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਸਾਂਝ ਵਿੰਗ ਨਾਲ ਮਿਲ ਕੇ ਲਗਾਤਾਰ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਦੂਰ ਰਹਿਣ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅਬੋਹਰ ਦੇ ਪੱਕਾ ਸੀਡ ਫਾਰਮ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਮਨੋਰੋਗ ਮਾਹਿਰ ਡਾ. ਮਹੇਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਗਤੀਵਿਧੀਆਂ ਅਤੇ ਕਾਰਵਾਈਆਂ ਅਮਲ ਵਿਚ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੀ ਲਗਾਤਾਰ ਸੈਮੀਨਾਰ ਆਯੋਜਿਤ ਕਰਕੇ ਨਸ਼ੇ ਦੇ ਦੁਰਪ੍ਰਭਾਵਾਂ ਬਾਰੇ ਨੌਜਵਾਨਾਂ ਅੰਦਰ ਜਾਗਰੂਕਤਾ ਪੈਦਾ ਕਰ ਰਿਹਾ ਹੈ। ਉਨ੍ਹਾਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾ ਨੂੰ ਨਸ਼ੇ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਨਸ਼ਾ ਛੁਡਾਉ ਕੇਂਦਰਾਂ ਵਿਖੇ ਜਾ ਕੇ ਆਪਣਾ ਇਲਾਜ ਕਰਵਾਉਣ ਤੇ ਨਸ਼ੇ ਰੂਪੀ ਕੋਹੜ ਤੋਂ ਛੁਟਕਾਰਾ ਪਾਉਣ ਅਤੇ ਆਮ ਵਾਂਗ ਆਪਣੀ ਜਿੰਦਗੀ ਬਤੀਤ ਕਰਨ। ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਹਾਜਰੀਨ ਨੂੰ ਨਸ਼ੇ ਦੇ ਦੁਰਪ੍ਰਭਾਵਾਂ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਸਾਡਾ ਮਨ ਚੰਗੀਆਂ ਵਸਤਾਂ ਵੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਖੇਡਾਂ ਖੇਡਣ ਵਲ ਜਾਂ ਪੜਾਈ ਕਰਨ ਵਲ ਵਿਅਸਤ ਰੱਖਣਾ ਚਾਹੀਦਾ ਹੈ  ਤਾਂ ਜੋ ਅਸੀਂ ਮਾੜੀਆਂ ਕੁਰੀਤੀਆਂ ਵਿਚ ਜਾਣ ਤੋਂ ਬਚ ਸਕੀਏ। ਉਨ੍ਹਾਂ ਕਿਹਾ ਕਿ ਸੰਗਤ ਚੰਗੀ ਹੋਵੇਗੀ ਤਾਂ ਅਸੀਂ ਨਸ਼ਿਆਂ ਦੀ ਦਲਦਲ ਵਿਚ ਫਸਣ ਤੋਂ ਬਚ ਸਕਦੇ ਹਾਂ। ਇਸ ਮੌਕੇ ਐਸ.ਐਚ.ਓ ਸਿਟੀ-1 ਸੁਨੀਲ ਕੁਮਾਰ, ਸਰਪੰਚ ਪੱਕਾ ਸੀਡ ਫਾਰਮ ਆਦਿ ਹੋਰ ਵੱਖ-ਵੱਖ ਅਧਿਕਾਰੀ ਤੇ ਪਤਵੰਤੇ ਸਜਨ ਮੌਜੂਦ ਸਨ।