ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਫਾਈਨਲ ਨਾਟਕ ਮੁਕਾਬਲਿਆਂ ਦਾ ਅਯੋਜਨ-- ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ  8 ਅਗਸਤ 2024 : ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਨਾਟਕਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ,ਇਸ ਸਬੰਧ ਵਿੱਚ ਜਿ਼ਲ੍ਹਾ ਪੱਧਰੀ ਨਸਿ਼ਆਂ ਵਿਰੁੱਧ ਨਾਟਕ ਮੁਕਾਬਲੇ ਜਿ਼ਲ੍ਹਾ ਰੈਡ ਕਰਾਸ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤੇ ਗਏ, ਇਹਨਾਂ ਨਾਟਕ ਮੁਕਾਬਲਿਆਂ ਦੀ ਪ੍ਰਧਾਨਗੀ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ, ਇਸ ਮੌਕੇ ਤੇ ਪੰਜਾਬੀ ਸਿਨੇਮਾ ਜਗਤ ਦੇ ਕਲਾਕਾਰ ਸ੍ਰੀ ਗੁੱਗੂ ਗਿੱਲ ਨੇ ਵਿਸ਼ੇਸ਼ ਤੌਰ ਤੇ ਸਿਰਕਿਤ ਕੀਤੀ। ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਨਸ਼ਾ ਇੱਕ ਕੈਂਸਰ ਦੀ ਤਰ੍ਹਾਂ ਹੈ, ਜੋ ਅੰਦਰੋਂ-ਅੰਦਰ ਹੀ ਮਨੁੱਖੀ ਸਰੀਰ ਨੂੰ ਘੁੰਣ ਵਾਂਗ ਖਾਂ ਜਾਂਦਾ ਹੈ।ਇਸ ਨਸ਼ੇ ਨੂੰ ਖਤਮ ਕਰਨ ਲਈ ਸਮਾਜ ਦੇ ਆਹੁਦੇਦਾਰਾਂ ਨੂੰ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਨਸ਼ੇ ਦੇ ਰੋਗੀ ਨੂੰ ਹਸਪਤਾਲ ਵਿੱਚ ਦਾਖਲ ਰਹਿ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਸਰਕਾਰ ਨੇ ਨਸ਼ੇ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਵਲੋਂ ਓਟ ਕਲੀਨਿਕ, ਨਸ਼ਾ ਛੁਡਵਾਊ ਕੇਂਦਰਾਂ ਦੀ ਵੀ ਸਥਾਪਨਾ ਕੀਤੀ ਹੋਈ ਹੈ, ਜਿੱਥੇ ਨਸ਼ਾ ਕਰਨ ਵਾਲਾ ਮਰੀਜ ਅਸਾਨੀ ਨਾਲ ਆਪਣਾ ਇਲਾਜ ਕਰਵਾ ਕੇ ਨਸ਼ਾ ਛੱਡ ਸਕਦਾ ਹਨ। ਉਹਨਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸਿ਼ਆਂ ਵਿੱਚ ਆਪਣਾ ਜੀਵਨ ਬਰਬਾਦ ਕਰਨ ਦੀ ਥਾਂ ਤੇ ਇਸ ਨੂੰ ਉਸਾਰੂ ਕੰਮਾਂ ਵੱਲ ਲਗਾਉਣਾ ਚਾਹੀਦਾ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਫਿਲਮ ਐਕਟਰ ਗੁੱਗੂ ਗਿੱਲ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਉਹਨਾਂ ਦੇ ਸਹੀ ਮਾਰਗ ਦਰਸ਼ਕ ਬਣਨ ਅਤੇ ਉਹਨਾਂ ਦੀਆਂ ਰੋਜਾਨਾਂ ਦੀਆਂ ਗਤੀਵਿਧੀਆਂ ਤੇ ਵਿਸ਼ੇਸ਼ ਤੌਰ ਤੇ ਖਿਆਲ ਰੱਖਣ ਤਾਂ ਜੋ ਨਸਿ਼ਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ। ਜਿਕਰਯੋਗ ਹੈ ਕਿ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ ਵਲੋਂ ਲਿਖਿਆ ਹੋਇਆ ਨਾਟਕ “ ਪੰਜਾਬ ਨੂੰ ਬਚਾਉਣਾ ਨਸਿ਼ਆਂ ਦੀ ਮਾਰ ਤੋਂ ” ਨਾਟਕ ਜੋਨ ਪੱਧਰ ਤੇ 132 ਸਕੂਲਾਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾ ਚੁੱਕੇ ਹਨ, ਜਿਹਨਾਂ ਵਿੱਚ ਸਿੱਧੇ ਤੌਰ ਤੇ 3200 ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਪਿਆ ਵਲੋਂ ਨਾਟਕ ਦੀ ਪੇਸ਼ਕਾਰੀ ਰਾਹੀਂ ਨਸ਼ਾ ਨਾ ਕਰਨ ਸੰਬੰਧੀ ਜਾਗਰੂਕਤਾ ਫੈਲਾਈ ਜਾ ਚੁੱਕੀ ਹੈ, ਇਸ ਤੋਂ ਇਲਾਵਾ ਨਸ਼ੇ ਦੇ ਮਾੜਾਂ ਪ੍ਰਭਾਵਾਂ ਸਬੰਧੀ ਪ੍ਰਿੰਟ, ਇਲੈਕਟਰੋਨਿਕ ਅਤੇ ਸੋਸ਼ਲ ਮੀਡੀਆ ਨਾਲ ਜੁੜ ਕੇ ਲੋਕਾਂ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਣਕਾਰੀ ਹਾਸਲ ਕੀਤੀ ਹੈ।  ਜਿਲ੍ਹਾ ਪੱਧਰ ਤੇ ਕਰਵਾਏ ਗਏ ਫਾਈਨਲ ਮੁਕਾਬਲੇ ਵਿੱਚ ਜੋ ਪਹਿਲੇ ਨੰਬਰ ਤੇ ਆਈ ਹੈ,  ਉਹ ਜਿ਼ਲ੍ਹਾ ਪੱਧਰ ਤੇ ਕਰਵਾਏ ਜਾ ਰਹੇ  15 ਅਗਸਤ ਨੂੰ ਸੁਤੰਤਰਤਾ ਦਿਵਸ ਸਮਾਗਮ ਵਿੱਚ ਭਾਗ ਲਵੇਗੀ, ਜਦਕਿ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਮਲੋਟ ਅਤੇ ਤੀਸਰੇ ਨੰਬਰ ਤੇ ਆਉਣ ਵਾਲੀ ਟੀਮ ਗਿੱਦੜਬਾਹਾ ਵਿਖੇ ਸੁਤੰਤਰਤਾ ਦਿਵਸ ਸਮਾਗਮ ਵਿੱਚ ਆਪਣੀ ਨਸਿ਼ਆਂ ਵਿਰੁੱਧ ਪੇਸ਼ਕਾਰੀ ਪੇਸ਼ ਕਰੇਗੀ। ਇਸ ਮੌਕੇ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਨਸ਼ੇ ਕਰ ਰਹੇ ਹਨ, ਤਾਂ ਆਪਣਾ ਨਸ਼ਾ ਤਿਆਗ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਅਤੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਨਣ। ਇਸ ਮੌਕੇ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਜਨੀਸ਼ ਕੁਮਾਰ ਗਿਰਧਰ ਕਾਰਜ ਸਾਧਕ ਅਫਸਰ, ਸ੍ਰੀ ਜਸਪਾਲ ਮੋਂਗਾ ਜਿ਼ਲ੍ਹਾ ਸਿੱਖਿਆ ਅਫਸਰ,ਕਪਿਲ ਸ਼ਰਮਾ ਉਪ ਸਿੱਖਿਆ ਅਫਸਰ,ਸ਼ਮਿੰਦਰ ਬੱਤਰਾ, ਜਸਪ੍ਰੀਤ ਸਿੰਘ ਛਾਬੜਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਤੀਨਿੱਧ ਅਤੇ ਸਕੂਲੀ ਬੱਚੇ ਮੌਜੂਦ ਸਨ। ਇਸ ਮੌਕੇ ਤੇ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਗੀਤ ਅਤੇ ਪੋਸਟਰ ਵੀ ਰਲੀਜ ਕੀਤਾ ਗਿਆ ਅਤੇ ਸਮਾਗਮ ਵਿੱਚ ਸ਼ਾਮਿਲ ਸਖਸ਼ੀਅਤ ਵਲੋਂ ਨਸ਼ਾ ਨਾ ਕਰਨ ਦਾ ਪ੍ਰਣ ਵੀ ਲਿਆ ।