ਪੰਜਾਬ ਨੂੰ ਪੰਜਾਬੀ ਹੀ ਵਿਕਾਸ ਦੇ ਰਾਹ ਤੋਰ ਸਕਦੇ ਹਨ, ਕੋਈ ਬਾਹਰਲੀ ਸ਼ਕਤੀ ਨਹੀਂ : ਡਾ. ਬਲਵਿੰਦਰ ਸਿੰਘ

ਲੁਧਿਆਣਾ,  01 ਮਾਰਚ, (ਰਘਵੀਰ ਸਿੰਘ ਜੱਗਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਲੰਮਾ ਸਮਾਂ ਪੜ੍ਹਾਉਣ ਉਪਰੰਤ ਪਿਛਲੱ 25 ਸਾਲ ਤੋਂ ਟੋਰੰਟੋ (ਕੈਨੇਡਾ) ਵਿੱਚ ਰੇਡੀਉ ਸਰਗਮ ਦੇ ਸੰਚਾਲਕ ਡਾ. ਬਲਵਿੰਦਰ ਸਿੰਘ ਨੇ ਬੀਤੀ ਸ਼ਾਮ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਰੱਖੇ ਰੂ ਬ ਰੂ ਪ੍ਰੋਗ੍ਰਾਮ ਵਿੱਚ ਬੋਲਦਿਆਂ ਕਿਹਾ ਹੈ ਕਿ ਪੰਜਾਬ ਦੀ ਗੁਆਚੀ ਸ਼ਾਨ ਦੀ ਸਲਾਮਤੀ ਤੇ ਮੁੜ ਉਸਾਰੀ ਲਈ ਪੰਜਾਬੀਆਂ ਨੂੰ ਹੀ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ। ਕਿਸੇ ਬਾਹਰਲੀ ਸ਼ਕਤੀ ਦਾ ਆਸਰਾ ਲੱਭਣ ਦੀ ਥਾਂ ਆਪੋ ਆਪਣੀ ਜ਼ਿੰਮੇਵਾਰੀ ਓਟਣੀ ਪਵੇਗੀ। ਉਨ੍ਹਾਂ ਕਿਹਾ ਕਿ ਇਸ ਫੇਰੀ ਦੌਰਾਨ ਮੈਂ ਮਹਿਸੂਸ ਕੀਤਾ ਹੈ ਕਿ ਪੰਜਾਬ ਵਿੱਚ ਹੀ ਦੋ ਪੰਜਾਬ ਬਣ ਗਏ ਨੇ। ਇੱਕ ਪੰਜਾਬ ਵਿਆਹ ਸ਼ਾਦੀਆਂ ਤੇ ਹੋਰ ਗੈਰ ਉਪਜਾਊ ਕੰਮਾਂ ਤੇ ਰੱਜ ਕੇ ਫ਼ਜ਼ੂਲ ਖ਼ਰਚੀ ਕਰ ਰਿਹਾ ਹੈ ਤੇ ਦੂਜਾ ਪੰਜਾਬ ਸਿਰਫ਼ ਜਿਉਂਦੇ ਰਹਿਣ ਦੀ ਲੜਾਈ ਲੜ ਰਿਹਾ ਹੈ। ਬਦੇਸ਼ਾਂ ਵੱਲ ਜਵਾਨੀ ਦਾ ਮੁਹਾਣ ਵਧਣ ਦਾ ਕਾਰਨ ਵੀ ਰੀਸ ਵਧੇਰੇ ਹੈ ਜਦ ਕਿ ਬਦੇਸ਼ਾ ਵਿੱਚ ਜਾ ਰਹੇ ਬੱਚਿਆਂ ਦਾ ਸੰਘਰਸ਼ ਬੇਹੱਦ ਕਠਿਨ ਤਪੱਸਿਆ ਵਰਗਾ ਹੈ। ਡਾ. ਬਲਵਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਨੂੰ ਆਈਲੈਟਸ ਸਿੱਖਿਆ ਨੂੰ ਪਹਿਲਾਂ ਸਥਾਪਿਤ ਕਾਲਜਾਂ ਯੂਨੀਵਰਸਿਟੀਆਂ ਰਾਹੀਂ ਨਿਯਮਤ ਕਰਨਾ ਚਾਹੀਦਾ ਹੈ। ਇਵੇਂ ਹੀ ਬਦੇਸ਼ ਜਾਣ ਵਾਲੇ ਬੱਚਿਆਂ ਨੂੰ ਸਬੰਧਿਤ ਵਿਧੀ ਵਿਧਾਨ ਤੇ ਸਮਾਜਿਕ ਤਾਣੇ ਬਾਣੇ ਦੀ ਸੋਝੀ ਵੀ ਲਾਜ਼ਮੀ ਕਰਨੀ ਚਾਹੀਦੀ ਹੈ ਤਾਂ ਜੋ ਉਥੇ ਗਏ ਬੱਚੇ ਸਭਿਆਚਾਰਕ ਝਟਕੇ ਕਾਰਨ ਉਦਾਸੀ ਦੇ ਆਲਮ ਚ ਨਾ ਡੁੱਬਣ। ਇਸ ਮੌਕੇ ਡਾਃ ਬਲਵਿੰਦਰ ਸਿੰਘ ਨੂੰ ਦੋਸ਼ਾਲਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਦੇਸ਼ਾਂ ਵਿੱਚ ਪੰਜਾਬੀ ਸੰਚਾਰ ਮਾਧਿਅਮਾਂ ਨੇ ਉਥੇ ਵੱਸਦੇ ਪੰਜਾਬੀਆਂ ਦੀ ਮਾਨਸਿਕ ਸਿਹਤ ਦਾ ਸੰਤੁਲਨ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਮੀਡੀਆ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਸਿਖਿਅਤ ਪੱਤਰਕਾਰੀ ਅਧਿਆਪਕ ਡਾ. ਬਲਵਿੰਦਰ ਸਿੰਘ ਨੇ ਪੰਜਾਬੀ ਪੱਤਰਕਾਰੀ ਤੇ ਸੰਚਾਰ ਨੂੰ ਅਪਣਾਇਆ ਹੋਇਆ ਹੈ। ਮੈਨੂੰ ਮਾਣ ਹੈ ਕਿ ਚੜਿੱਕ (ਮੋਗਾ) ਦੇ ਜੰਮਪਲ ਡਾ. ਬਲਵਿੰਦਰ ਸਿੰਘ ਨਾਲ ਮੇਰੀ 45 ਸਾਲ ਪੁਰਾਣੀ ਸਾਂਝ ਹੈ, ਜਦ ਤੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੜ੍ਹਨ ਆਏ। ਇਸ ਮੌਕੇ ਪ੍ਰਸਿੱਧ ਪੰਜਾਬੀ ਖੋਜੀ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦੇ ਪੋਤਰੇ ਗੁਰਜੀਤ ਸਿੰਘ ਢਿੱਲੋਂ ਤੇ ਹੋਰ ਹਸਤੀਆ ਸ਼ਾਮਿਲ ਸਨ।