ਇਕ ਸਿੱਧੂ ਚੱਲਿਆ ਗਿਆ, ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦਾ ਪੁੱਤ ਚਲਿਆ ਜਾਵੇ : ਬਲਕੌਰ ਸਿੰਘ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਰਾਜਨੀਤੀ ਵਿੱਚ ਉਤਰਨ ਦੇ ਦਿੱਤੇ  ਸੰਕੇਤ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਰਾਜਨੀਤੀ ਵਿੱਚ ਉਤਰਨ ਦੇ ਸੰਕੇਤ ਦਿੱਤੇ ਹਨ। ਬਲਕੌਰ ਸਿੰਘ ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਥਰ ਵਿਚੋ ਉੱਠ ਕੇ ਕੋਈ ਲੀਡਰ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਰੱਬ ਨੇ ਚਾਹਿਆ ਤਾਂ ਉਹ ਲੀਡਰ ਵੀ ਬਣਨਗੇ। ਉਨ੍ਹਾਂ ਕਿਹਾ ਕਿ ਇਕ ਸਿੱਧੂ ਚੱਲਿਆ ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦਾ ਪੁੱਤ ਚਲਿਆ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਵੱਖ ਵੱਖ ਥਾਵਾਂ ਉਤੇ ਜਾ ਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਜੋ ਅਸਲੀ ਬੰਦੇ ਹਨ ਉਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਵੇ। ਉਹ ਇਹ ਵੀ ਕਹਿੰਦੇ ਆ ਰਹੇ ਹਨ ਕਿ ਜਿਨ੍ਹਾਂ ਨੇ ਸਿੱਧੂ ਦਾ ਕਤਲ ਕੀਤਾ ਹੈ ਉਹ ਤਾਂ ਅਸਲ ਵਿੱਚ ਕਿਰਾਏ ਦੇ ਕਰਿੰਦੇ ਹਨ, ਜਿਹੜੇ ਦੇ ਕਹਿਣ ਉਤੇ ਕਤਲ ਕੀਤਾ ਉਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਵੇ। ਉਹ ਲਗਾਤਾਰ ਇਹ ਵੀ ਕਹਿੰਦੇ ਆ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ।