1 ਕੁਇੰਟਲ 80 ਕਿਲੋ ਗ੍ਰਾਮ ਡੋਡਿਆਂ ਦੀ ਫਸਲ ਸਮੇਤ ਇਕ ਵਿਅਕਤੀ ਗ੍ਰਿਫਤਾਰ

ਰਾਏਕੋਟ, 09 ਮਾਰਚ (ਚਮਕੌਰ ਸਿੰਘ ਦਿਉਲ) : ਪੁਲਿਸ  ਥਾਣਾ ਰਾਏਕੋਟ ਅਧੀਨ ਪੈਦੀ ਪੁਲਸ ਚੌਕੀ ਲੋਹਟਬੱਦੀ ਪੁਲਿਸ ਵੱਲੋਂ  ਇੱਕ ਵਿਅਕਤੀ ਨੂੰ ਖੜ੍ਹੀ ਪੋਸਤ (ਡੋਡੇ) ਦੀ ਫਸਲ ਇੱਕ ਕੁਇੰਟਲ 80 ਕਿਲੋ ਗ੍ਰਾਮ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧੀ ਡੀਐੱਸਪੀ ਦਫਤਰ ਰਾਏਕੋਟ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਰਛਪਾਲ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸੇ ਸਮਾਜ ਸੇਵੀ ਨੇ ਥਾਣਾ ਸਦਰ ਰਾਏਕੋਟ ਦੇ ਇੰਚਾਰਜ ਹਰਦੀਪ ਸਿੰਘ ਅਤੇ ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਨੂੰ ਗੁਪਤ ਸੂਚਨਾ ਦਿੱਤੀ ਕਿ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਮਹੇਰਨਾ ਕਲਾ ਥਾਣਾ ਸਦਰ ਰਾਏਕੋਟ ਨੇ ਆਪਣੇ ਘਰ ਦੇ ਮਗਰ ਆਪਣੇ ਖੇਤ ਵਿੱਚ ਪੋਸਤ (ਡੋਡਿਆਂ) ਦੀ ਫਸਲ ਬੀਜੀ ਹੋਈ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਐੱਸ. ਆਈ ਹਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਦਿਓਲ ਚੌਕੀ ਇੰਚਾਰਜ ਲੋਹਟਬੱਦੀ ਸਮੇਤ ਪੁਲਿਸ ਪਾਰਟੀ ਨੇ ਉਕਤ ਕਥਿਤ ਦੋਸ਼ੀ ਵਿਰੁੱਧ ਐਨਡੀਪੀਐਸ ਐਕਟ ਦੀ ਧਾਰਾ 16/61/85 ਥਾਣਾ ਸਦਰ ਰਾਏਕੋਟ ਵਿਖੇ ਦਰਜ ਕਰਕੇ ਉਸਦੇ ਕਬਜੇ ਵਾਲੇ ਖੇਤ ਵਿੱਚੋ ਇੱਕ ਕੁਇੰਟਲ 80 ਕਿਲੋ ਗ੍ਰਾਮ ਡੋਡਿਆਂ ਦੀ ਫਸਲ ਦੇ ਪੌਦਿਆ ਨੂੰ ਬਰਾਮਦ ਕਰਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਪੋਸਤ ਦੀ ਫਸਲ ਦੇ ਆਲੇ ਦੁਆਲੇ ਸਰੋਂ ਅਤੇ ਜਮੀਂ ਦੀ ਫਸਲ ਬੀਜੀ ਹੋਈ ਸੀ ਤਾਂ ਕਿ ਪਤਾ ਨਾ ਲੱਗ ਸਕੇ। ਡੀਐੱਸਪੀ ਢੀਂਡਸਾ ਨੇ ਦੱਸਿਆ ਕਿ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਕਥਿਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।