ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵੱਲੋਂ ਇੱਕ ਰੋਜਾ ਗਾਈਡੈਂਸ ਅਤੇ ਕਾਉਂਸਲਿੰਗ ਪ੍ਰੋਗਰਾਮ 18 ਜੂਨ ਨੂੰ

  • ਪੰਜਾਬ ਪੁਲਿਸ, ਅਧੀਨ ਸੇਵਾਵਾਂ ਚੋਣ ਬੋਰਡ ਨਾਲ ਸਬੰਧਤ ਪੋਸਟਾਂ ਅਤੇ ਹੋਰ ਮੁਕਾਬਲਿਆਂ ਦੀਆਂ ਪ੍ਰਿਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਕੀਤਾ ਜਾਵੇਗਾ ਗਾਈਡ

ਬਰਨਾਲਾ, 13 ਜੂਨ 2024 : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵੱਲੋਂ ਸਮੂਹ ਪ੍ਰਾਰਥੀਆਂ ਲਈ ਜਿਨ੍ਹਾਂ ਨੇ ਪੰਜਾਬ ਪੁਲਿਸ ਅਤੇ ਅਧੀਨ ਸੇਵਾਵਾਂ ਚੋਣ ਬੋਰਡ ਨਾਲ ਸਬੰਧਤ ਪੋਸਟਾਂ ਲਈ ਅਪਲਾਈ ਕੀਤਾ ਹੈ ਜਾਂ ਫਿਰ ਹੋਰ ਮੁਕਾਬਲਿਆਂ ਦੀਆਂ ਪ੍ਰਿਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹਨਾਂ ਲਈ ਇੱਕ ਰੋਜਾ ਗਾਈਡੈਂਸ ਅਤੇ ਕਾਉਂਸਲਿੰਗ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀਮਤੀ ਨਵਜੋਤ ਕੌਰ ਸੰਧੂ, ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਬਰਨਾਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਪ੍ਰਾਰਥੀਆਂ ਨੂੰ ਪੋਸਟ ਦੇ ਸਿਲੇਬਸ ਸਬੰਧੀ ਜਾਣਕਾਰੀ, ਮੁਕਾਬਲੇ ਦੀਆਂ ਪ੍ਰਿਖਿਆਵਾਂ ਦੀ ਤਿਆਰੀ ਸਬੰਧੀ ਜਾਣਕਾਰੀ, ਸੈਂਪਲ ਪੇਪਰ, ਪ੍ਰਿਖਿਆਵਾਂ ਸਮੇਂ ਪੈਦਾ ਹੋਣ ਵਾਲੇ ਤਣਾਅ ਨਾਲ ਨਜਿੱਠਣ ਸਬੰਧੀ ਯੋਜਨਾਬੰਦੀ ਅਤੇ ਇਸ ਤੋਂ ਇਲਾਵਾ ਮੁਕਾਬਲੇ ਦੀਆਂ ਪ੍ਰਿਖਿਆਵਾਂ ਸਬੰਧੀ ਉਪਲੱਬਧ ਸਟੱਡੀ ਮਟੀਰੀਅਲ ਆਦਿ ਸਬੰਧੀ ਗਾਈਡੈਂਸ ਦਿੱਤੀ ਜਾਵੇਗੀ। ਇਸ ਲਈ ਪ੍ਰਾਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਇਸ ਗਾਈਡੈਂਸ ਅਤੇ ਕਾਉਂਸਲਿੰਗ ਪ੍ਰੋਗਾਰਮ ਦਾ ਲਾਭ ਪ੍ਰਾਪਤ ਕਰਨ ਲਈ 18 ਜੂਨ, 2024 ਦਿਨ ਮੰਗਲਵਾਰ ਸਵੇਰੇ 10.00 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜਿਲ,ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਪਹੁੰਚਣ।