ਜਗਰਾਉਂ 'ਚ ਹਰ ਸੱਥ 'ਚ ਸ਼੍ਰੋਮਣੀ ਅਕਾਲੀ ਦਲ" ਮੁਹਿੰਮ ਦਾ ਰਸਮੀ ਆਗਾਜ਼

  • ਮਾਨ ਸਰਕਾਰ ਤੋਂ ਨਿਰਾਸ਼ ਲੋਕ ਠੱਗੇ ਮਹਿਸੂਸ ਕਰਨ ਲੱਗੇ : ਕਲੇਰ, ਗਰੇਵਾਲ           

ਜਗਰਾਉਂ, 30 ਜੁਲਾਈ : "ਹਰ ਸੱਥ ਵਿੱਚ ਸ਼੍ਰੋਮਣੀ ਅਕਾਲੀ ਦਲ" ਮੁਹਿੰਮ ਦਾ ਅੱਜ ਰਸ਼ਮੀ ਅਗਾਜ਼ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸਆਰ ਕਲੇਰ ਦੀ ਅਗਵਾਈ ਹੇਠ ਪਾਰਟੀ ਆਗੂਆਂ ਵੱਲੋਂ ਹਲਕੇ ਦੇ ਪਿੰਡ ਚੀਮਾਂ ਵਿਖੇ ਪਿੰਡ ਦੀ ਸੱਥ ਵਿੱਚ ਇੱਕਤਰ ਲੋਕਾਂ ਨਾਲ ਸੰਵਾਦ ਰਚਾਇਆ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਨੂੰ ਚੇਤੇ ਕੀਤਾ। ਇਸ ਮੌਕੇ ਐਸਆਰ ਕਲੇਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਸਿਰਫ ਵਾਅਦਿਆਂ, ਦਾਅਵਿਆਂ ਤੇ ਇਸ਼ਤਿਹਾਰਾਂ ਰਾਹੀਂ ਪ੍ਰਚਾਰ ਕਰਨ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਜ਼ਮੀਨੀ ਪੱਧਰ 'ਤੇ ਕੋਈ ਅਜਿਹਾ ਮਾਅਰਕਾ ਨਹੀਂ ਮਾਰਿਆ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇ ਤੇ ਚੰਗਾ ਫਾਇਦਾ ਹੋਵੇ।ਇਸ ਮੌਕੇ ਸਰਕਾਰ ਦੀ ਨਿਖੱਧ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਲੋਕਾਂ ਨੇ ਆਖਿਆ ਕਿ ਉਹ ਠੱਗੀ ਦਾ ਸ਼ਿਕਾਰ ਹੋਏ ਹਨ ਤੇ ਸਰਕਾਰ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਮੌਕੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਅੱਜ ਜਟਿਲ ਰਾਹਾਂ 'ਤੇ ਤੁਰਦੇ  ਗੁਰੂ ਕੇ ਲੰਗਰ, ਦਵਾਈਆਂ ਤੇ ਹਰ ਸੰਭਵ ਮੱਦਦ ਰਾਹੀਂ ਉੱਥੇ ਵੀ ਪੁੱਜੇ ਹਨ ,ਜਿੱਥੇ ਆਮ ਆਦਮੀ ਹੋਣ ਦਾ ਪਾਖੰਡ ਕਰਨ ਵਾਲੀ ਸਰਕਾਰ ਨਹੀਂ ਪੁੱਜ ਸਕੀ। ਇਸ ਮੌਕੇ ਜੱਥੇਦਾਰ ਪਰਮਿੰਦਰ ਸਿੰਘ ਚੀਮਾਂ ਨੇ ਪਿੰਡ ਵਾਸੀਆਂ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ,ਸਰਕਲ ਪ੍ਰਧਾਨ ਸਿਵਰਾਜ ਸਿੰਘ ਸਰਪੰਚ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਪ੍ਰਧਾਨ ਸੁਖਮੰਦਰ ਸਿੰਘ ਮਾਣੂੰਕੇ, ਗੁਰਮਿੰਦਰ ਸਿੰਘ ਜੋਜੋ ਮਾਣੂੰਕੇ, ਪ੍ਰੀਤਮ ਸਿੰਘ, ਰਘੂਨੰਦਨ, ਹਰਮੇਲ ਸਿੰਘ, ਰਾਮ ਸਿੰਘ, ਪ੍ਰਧਾਨ ਬਲਜਿੰਦਰ ਕੌਰ, ਹਰਬੰਸ ਕੌਰ, ਬਲਜੀਤ ਕੌਰ, ਪਵਨਦੀਪ ਸਿੰਘ, ਕੁਲਵੰਤ ਸਿੰਘ ਤੇ ਹੋਰ ਹਾਜ਼ਰ ।