ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਧਾਰਮਿਕ ਪੁਸਤਕ ਬਹਾਦਰ ਸਿੰਘ ਸਿੱਧੂ ਅਮਰੀਕਾ (ਟਰੱਸਟੀ) ਅਤੇ ਭਾਈ ਹਰਜਿੰਦਰ ਸਿੰਘ ਮੁੱਖ ਗ੍ਰੰਥੀ ਨੂੰ ਭੇਂਟ ਕੀਤੀ

  • ਅਰਜਨ ਬਾਵਾ ਦੇ ਵਿਆਹ ਦੀਆਂ ਰਸਮਾਂ ਦਾ ਸ਼ੁਭ ਆਰੰਭ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਕੀਤਾ

ਲੁਧਿਆਣਾ, 2 ਅਪ੍ਰੈਲ : ਅੱਜ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਿੰਘ ਸਭਾ ਹਾਊਸਿੰਗ ਬੋਰਡ ਕਲੋਨੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਧਾਰਮਿਕ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ,  ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਬਹਾਦਰ ਸਿੰਘ ਸਿੱਧੂ (ਅਮਰੀਕਾ) ਰਕਬਾ ਨਿਵਾਸੀ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੂੰ ਭੇਂਟ ਕੀਤੀ। ਉਪਰੋਕਤ ਸਮਾਗਮ ਸ੍ਰੀ ਬਾਵਾ ਦੇ ਸਪੁੱਤਰ ਅਰਜਨ ਬਾਵਾ ਦੇ ਵਿਆਹ ਦੀਆਂ ਰਸਮਾਂ ਦੀ ਆਰੰਭਤਾ ਸਮੇਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਆਯੋਜਿਤ ਕੀਤਾ ਗਿਆ। ਇਸ ਸਮੇਂ ਫਾਊਂਡੇਸ਼ਨ ਦੇ ਆਸਟ੍ਰੇਲੀਆ ਦੇ ਪ੍ਰਧਾਨ ਅਸ਼ਵਨੀ ਬਾਵਾ, ਲਖਵਿੰਦਰ ਸਿੰਘ, ਰਜਨੀ ਬਾਵਾ, ਸੰਜੇ ਠਾਕੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਹਾਜ਼ਰ ਸੰਗਤਾਂ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਪੰਜਾਬ ਆਦਮਪੁਰ ਤੋਂ ਹਵਾਈ ਉੜਾਨ ਸ਼ੁਰੂ ਹੋਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਹਲਵਾਰਾ ਹਵਾਈ ਅੱਡਾ ਜਲਦੀ ਸ਼ੁਰੂ ਕਰਨ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਕਿ ਹਲਵਾਰਾ ਹਵਾਈ ਅੱਡੇ ਤੋਂ ਪਹਿਲੀ ਉੜਾਣ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ) ਦੀ ਹੋਵੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ 12 ਮਈ ਦਾ ਸਰਹਿੰਦ ਫ਼ਤਿਹ ਦਿਵਸ ਦਾ ਦਿਹਾੜਾ ਆ ਰਿਹਾ ਹੈ ਤੇ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਜਦ ਕਿ 3 ਸਤੰਬਰ 1708 ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਾਬਾ ਬੰਦਾ ਸਿੰਘ ਬਹਾਦਰ (ਮਾਧੋ ਦਾਸ ਬੈਰਾਗੀ) ਵਿਚਕਾਰ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਿਲਾਪ ਹੋਇਆ। ਇਸ ਤੋਂ ਬਾਅਦ ਮੁਗ਼ਲ ਸਾਮਰਾਜ ਦਾ ਖ਼ਾਤਮਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ 14 ਮਈ 1710 ਨੂੰ ਸਰਹਿੰਦ 'ਤੇ ਫ਼ਤਿਹ ਦਾ ਝੰਡਾ ਲਹਿਰਾਇਆ ਸੀ। ਉਹਨਾਂ ਦੱਸਿਆ ਕਿ 14 ਮਈ ਨੂੰ ਵਿਸ਼ਾਲ ਫ਼ਤਿਹ ਮਾਰਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਸ਼ੁਰੂ ਹੋ ਕੇ ਚੱਪੜਚਿੜੀ ਹੁੰਦਾ ਹੋਇਆ ਸਰਹਿੰਦ ਪਹੁੰਚੇਗਾ ਅਤੇ ਇਤਿਹਾਸਿਕ ਅਸਥਾਨ 'ਤੇ ਫਤਿਹ ਦਾ ਝੰਡਾ ਲਹਿਰਾਏਗਾ।