ਸ਼ਹੀਦੀ ਸਭਾ ਮੌਕੇ ਆਮ ਖਾਸ ਬਾਗ ਵਿਖੇ ਇਤਿਹਾਸਕ ਨਾਟਕ " ਜਿੰਦਾਂ ਨਿੱਕੀਆਂ " ਦੀ ਹੋਵੇਗੀ ਪੇਸ਼ਕਾਰੀ

  • ਭਾਸ਼ਾ ਵਿਭਾਗ ਵੱਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਜਾਵੇਗਾ ਧਾਰਮਿਕ ਕਵੀ ਦਰਬਾਰ
  • ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਤਿਹਾਸਕ ਨਾਟਕ ਤੇ ਧਾਰਮਿਕ ਕਵੀ ਦਰਬਾਰ ਲਈ ਕੀਤੇ ਗਏ ਪੁਖਤਾ ਪ੍ਰਬੰਧ

ਫ਼ਤਹਿਗੜ੍ਹ ਸਾਹਿਬ, 22 ਦਸੰਬਰ : ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਆਮ ਖਾਸ ਬਾਗ ਵਿਖੇ 26 ਤੇ 27 ਦਸੰਬਰ ਨੂੰ ਵਿਸ਼ਵ ਪ੍ਰਸਿੱਧ ਇਤਿਹਾਸਕ ਨਾਟਕ " ਜਿੰਦਾਂ ਨਿੱਕੀਆਂ" ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਭਾਸ਼ਾ ਵਿਭਾਗ ਵੱਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਹੀਦੀ ਸਾਕੇ ਨਾਲ ਸਬੰਧਤ ਧਾਰਮਿਕ ਕਵੀ ਦਰਬਾਰ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਸਿੱਖ ਇਤਿਹਾਸ ਦੀ ਇਸ ਮਹਾਨ ਘਟਨਾ ਤੋਂ ਜਾਣੂ ਕਰਵਾਉਣ ਵਾਲਾ ਨਾਟਕ " ਜਿੰਦਾ ਨਿੱਕੀਆਂ " ਪ੍ਰੇਰਨਾ ਸਰੋਤ ਹੋਵੇਗਾ ਅਤੇ ਨੌਜਵਾਨ ਵਰਗ ਨੂੰ ਇਸ ਤੋਂ ਸੇਧ ਲੈ ਕੇ ਮਹਾਨ ਸ਼ਹੀਦਾਂ ਵੱਲੋਂ ਵਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਟਕਕਾਰ ਹਰਬਕਸ਼ ਲਾਟਾ ਵੱਲੋਂ ਨਿਰਦੇਸ਼ਤ ਕੀਤਾ ਗਿਆ ਇਹ ਇਤਿਹਾਸਕ ਨਾਟਕ ਸ਼ਾਮ 6:00 ਵਜੇ ਸ਼ੁਰੂ ਹੋਵੇਗਾ ਅਤੇ ਰਾਤ 08:00 ਵਜੇ ਤੱਕ ਜਾਰੀ ਰਹੇਗਾ। ਉਨ੍ਹਾਂ ਹੋਰ ਦੱਸਿਆ ਕਿ ਧਾਰਮਿਕ ਕਵੀ ਦਰਬਾਰ ਵਿੱਚ ਪ੍ਰਸਿੱਧ ਕਵੀ ਆਪਣੀਆਂ ਰਚਨਾਵਾਂ ਨਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸੀਸ ਝੁਕਾਉਣਗੇ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਭਾ ਦੌਰਾਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਦੀਆਂ ਬਰਮ੍ਹਾਂ ਤੇ ਵਾਹਨ ਪਾਰਕ ਨਾ ਕੀਤੇ ਜਾਣ ਤਾਂ ਜੋ ਪੈਦਲ ਚੱਲਣ ਵਾਲੀ ਸੰਗਤ ਆਰਾਮ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਕਿਨਾਰੇ ਰੇਹੜੀਆਂ, ਫੜੀਆਂ ਜਾਂ ਦੁਕਾਨਾਂ ਨਾ ਲਗਾਈਆਂ ਜਾਣ ਤਾਂ ਜੋ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ ਅਤੇ ਕਿਸੇ ਤਰ੍ਹਾਂ ਦੀ ਗੁੰਮਸ਼ੁਦਗੀ, ਜੇਬ ਕੱਟਣ ਆਦਿ ਬਾਰੇ ਸੂਚਨਾ ਦੇਣ ਲਈ ਸਮਾਧਾਨ ਕੇਂਦਰ ਬਣਾਏ ਜਾਣਗੇ ਜਿਥੋਂ ਕਿ ਕਿਸੇ ਵੀ ਐਮਰਜੰਸੀ ਦੀ ਹਾਲਤ ਵਿੱਚ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਸੂਚਨਾ ਕੇਂਦਰ, ਆਰਜੀ ਪਾਰਕਿੰਗ ਵੀ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬਜ਼ੁਰਗਾਂ, ਬੱਚਿਆਂ, ਔਰਤਾਂ ਤੇ ਦਿਵਿਆਂਗਜਨਾਂ ਲਈ ਮੁਫਤ ਬੱਸ ਸੇਵਾ ਤੇ ਈ. ਰਿਕਸ਼ਾ ਵੀ ਚਲਾਏ ਜਾਣਗੇ।