ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੈਬਨਿਟ ਮੰਤਰੀ ਅਰੋੜਾ ਵੱਲੋਂ ਸੰਤ ਲੌਂਗੋਵਾਲ ਦੀ ਸ਼ਹਾਦਤ ਨੂੰ ਨਮਨ

  • ਸੰਤਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਰਾਹੀਂ ਇਕੱਤਰ ਹੋਣ ਵਾਲੇ ਖੂਨ ਦੀ ਇੱਕ-ਇੱਕ ਬੂੰਦ ਮਨੁੱਖੀ ਜ਼ਿੰਦਗੀਆਂ ਬਚਾਉਣ ਵਿੱਚ ਹੋਵੇਗੀ ਸਹਾਈ : ਅਰੋੜਾ

ਸੰਗਰੂਰ, 20 ਅਗਸਤ 2024 : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸਥਾਨਕ ਅਨਾਜ ਮੰਡੀ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬੂਟੇ ਵੀ ਵੰਡੇ ਗਏ ਤਾਂ ਜੋ ਵੱਧ ਤੋਂ ਵੱਧ ਬੂਟੇ ਲਗਵਾ ਕੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਵਾਰ ਦਿੱਤੀ ਅਤੇ ਅੱਜ ਪੰਜਾਬ ਸਰਕਾਰ ਵੱਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੂੰ ਇਹ ਸੱਚੀ ਸ਼ਰਧਾਂਜਲੀ ਹੈ ਕਿ ਸੰਤਾਂ ਦੀ ਬਰਸੀ ਮੌਕੇ ਸਿਆਸੀ ਦੂਸ਼ਣਬਾਜ਼ੀਆਂ ਅਤੇ ਫੋਕੀਆਂ ਸ਼ੋਹਰਤਾਂ ਤੋਂ ਦੂਰ ਰਹਿ ਕੇ ਇੱਕ ਨੇਕ ਕੰਮ, ਖੂਨਦਾਨ ਕੈਂਪ, ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਉੱਤਮ ਦਾਨ ਹੈ ਜਿਸ ਜ਼ਰੀਏ ਹਸਪਤਾਲਾਂ ਵਿੱਚ ਜੇਰੇ ਇਲਾਜ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਯੋਗਦਾਨ ਪਾਇਆ ਜਾ ਸਕਦਾ ਹੈ। ਕੈਬਨਿਟ ਮੰਤਰੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾਂ ਜਿਊਂਦੀਆਂ ਰਹਿੰਦੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਸੰਤਾਂ ਦੀ ਯਾਦ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਰਾਹੀਂ ਇਕੱਤਰ ਹੋਣ ਵਾਲੇ ਖੂਨ ਦੀ ਇੱਕ ਇੱਕ ਬੂੰਦ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਸਹਾਈ ਸਾਬਤ ਹੋਵੇਗੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਵਿਨੀਤ ਕੁਮਾਰ, ਸਿਵਲ ਸਰਜਨ ਡਾ. ਕਿਰਪਾਲ ਸਿੰਘ, ਕਾਰਜਸਾਧਕ ਅਫ਼ਸਰ ਬਾਲਕ੍ਰਿਸ਼ਨ, ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ, ਸੂਬੇਦਾਰ ਮੇਲਾ ਸਿੰਘ ਐਮਸੀ, ਬਲਵਿੰਦਰ ਸਿੰਘ ਢਿੱਲੋ, ਸੁਖ ਸਾਹੋਕੇ ਬਲਾਕ ਪ੍ਰਧਾਨ,  ਜਗਰਾਜ ਸਿੰਘ ਬਲਾਕ ਪ੍ਰਧਾਨ, ਗੁਰਮੀਤ ਸਿੰਘ ਫੌਜੀ ਐਮਸੀ, ਭੀਮ ਦਾਸ ਬਾਵਾ, ਗੁਰਿੰਦਰ ਪਾਲ ਖੇੜੀ, ਬਲਜਿੰਦਰ ਸਿੰਘ ਈਲਵਾਲ, ਦੀਪ ਸਰਪੰਚ ਕਨੋਈ ਅਤੇ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਵੀ ਹਾਜ਼ਰ ਸਨ।