ਵਿਸਾਖੀ ਦਿਵਸ ਮੌਕੇ ਸਰਕਾਰ ਨੇ ਧਾਰਮਿਕ ਸਥਾਨਾਂ ‘ਤੇ ਪੁਲਿਸ ਲਗਾ ਕੇ ਖ਼ੌਫ਼ਨਾਕ ਮਾਹੌਲ ਸਿਰਜਿਆ :

ਮਾਨਸਾ, 16 ਅਪ੍ਰੈਲ : ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਆਪਣੇ ਘਰ ਮਿਲਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸਾਖੀ ਦਿਵਸ ਮੌਕੇ ਸਰਕਾਰ ਨੇ ਧਾਰਮਿਕ ਸਥਾਨਾਂ ‘ਤੇ ਪੁਲਿਸ ਲਗਾ ਕੇ ਖ਼ੌਫ਼ਨਾਕ ਮਾਹੌਲ ਸਿਰਜਿਆ, ਸੰਗਤ ਸਹਿਮ ਵਿੱਚ ਸੀ, ਹਰੇਕ ਦੀ ਤਲਾਸ਼ੀ ਲਈ ਗਈ। ਜੇ ਅਸੀਂ ਧਾਰਮਿਕ ਸਥਾਨਾਂ ਤੇ ਜਾਂਦਿਆਂ ਵੀ ਡਰ ਮਹਿਸੂਸ ਕਰਾਂਗੇ ਤਾਂ ਫਿਰ ਅਸੀਂ ਆਪਣਾ ਖ਼ੌਫ਼ ਕਿੱਥੇ ਛੱਡ ਕੇ ਜਾਵਾਂਗੇ। ਸਰਕਾਰ ਮੂਸੇਵਾਲਾ ਦੇ ਇਨਸਾਫ਼ ਵਿੱਚ ਬਹੁਤ ਦੇਰ ਕਰ ਰਹੀ ਹੈ, ਪਰ ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਵਿਸਾਖੀ ਤੱਕ ਦਾ ਸਮਾਂ ਦਿੱਤਾ ਸੀ, ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਮੂਸੇਵਾਲਾ ਦੇ ਪਿਤਾ ਨੇ ਏਜੰਸੀਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਏਜੰਸੀਆਂ ਉਨ੍ਹਾਂ ਦਾ ਫੋਨ ਜਦੋਂ ਮਰਜ਼ੀ ਚੈੱਕ ਕਰ ਲੈਣ। ਏਜੰਸੀਆਂ ਜਿੱਥੋਂ ਤੱਕ ਜਾਂਚ ਪੜਤਾਲ ਕਰ ਸਕਦੀਆਂ ਹਨ, ਕਰ ਲੈਣ ਪਰ ਅਸੀਂ ਝੂਠ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਵੀਡੀਓ ਕਾਲ ਦਾ ਜ਼ਿਕਰ ਕਰਦਿਆਂ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਉਸਦੀ ਵੀਡੀਓ ਦਾ ਹਾਲੇ ਤੱਕ ਕੋਈ ਹੱਲ ਕਿਉਂ ਨਹੀਂ ਹੋਇਆ। ਬਿਸ਼ਨੋਈ ਨੂੰ ਛੱਡ ਕੇ ਤੁਸੀਂ ਬੇਕਸੂਰ ਨੌਜਵਾਨਾਂ ‘ਤੇ ਸ਼ਿਕੰਜਾ ਕਸ ਰਹੇ ਹੋ। ਇਨ੍ਹਾਂ ਨੂੰ ਲਾਰੈਂਸ ਦੀ ਕੋਈ ਗਲਤੀ ਨਹੀਂ ਲੱਗ ਰਹੀ। ਜੇਲ੍ਹ ਮੰਤਰੀ ਸੀਐੱਮ ਮਾਨ ਖੁਦ ਹਨ ਤਾਂ ਫਿਰ ਉਨ੍ਹਾਂ ਨੇ ਇਸ ਮਸਲੇ ਵਿੱਚ ਕੀ ਕਾਰਵਾਈ ਕੀਤੀ ਹੈ, ਇਸਦਾ ਸਾਨੂੰ ਜਵਾਬ ਚਾਹੀਦਾ ਹੈ। ਮੁਲਜ਼ਮ ਇਨ੍ਹਾਂ ਕੋਲ ਗ੍ਰਿਫਤਾਰ ਹੈ, ਇਹ ਕਿਹੜੀ ਇਨਕੁਆਇਰੀ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਗੈਂਗਸਟਰਾਂ ਨੂੰ ਖ਼ਤਮ ਕਰ ਰਹੀ ਹੈ, ਭਗਵੰਤ ਮਾਨ ਵੀ ਇਸਤੋਂ ਕੁੱਝ ਸਿੱਖੇ।