ਪੰਜਾਬ ਨੂੰ ਦੇਸ਼ ਵਿੱਚੋਂ ਅਵਲ ਸੂਬਾ ਬਣਾਉਣ ਵਿਚ ਨਹੀਂ ਛੱਡੀ ਜਾਵੇਗੀ ਕੋਈ ਕਸਰ : ਕੁਲਦੀਪ ਸਿੰਘ ਧਾਲੀਵਾਲ

ਐਸ.ਏ.ਐਸ. ਨਗਰ, 13 ਮਾਰਚ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਘੜੂੰਆਂ ਵਿਚ ਅਮਰੀਕਾ ਵਾਸੀ ਲਾਲੀ ਧਨੋਵਾ ਦੇ ਪਿਤਾ ਸਵਰਗਵਾਸੀ ਸ. ਸੁਰਜੀਤ ਸਿੰਘ ਦੀ ਯਾਦ ਵਿੱਚ ਨਵੀਂ ਬਣਨ ਵਾਲੀ ਲਾਇਬਰੇਰੀ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰੱਖਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਵਿੱਚੋਂ ਅੱਵਲ ਸੂਬਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਇਸ ਮੌਕੇ ਲੜਕੀਆਂ ਦੇ ਸਕੂਲ ਦੇ ਖੇਡ ਮੈਦਾਨ ਵਾਸਤੇ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਨਾਲ ਹੀ ਉਹਨਾਂ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕੀ ਉਹ ਆਪਣੇ-ਆਪਣੇ ਪਿੰਡਾਂ ਦੇ ਵਿਕਾਸ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ। ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਨੌਜਵਾਨ ਆਪਣੇ ਅਤੇ ਸੂਬੇ ਦਾ ਨਾਂ ਰੌਸ਼ਨ ਕਰਦੇ ਹਨ। ਉੱਥੇ ਉਹ ਵੱਖੋ ਵੱਖ ਅਲਾਹਮਤਾਂ ਤੋਂ ਵੀ ਬਚੇ ਰਹਿੰਦੇ ਹਨ। ਖੇਡਾਂ ਨਾਲ ਜੁੜੇ ਨੌਜਵਾਨ ਹਰ ਖੇਤਰ ਵਿੱਚ ਹੋਰਨਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੇ ਹਨ।  ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਧ-ਚੜ੍ਹ ਕੇ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਸਾਰਥਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਹੀ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਵਿੱਚੋਂ ਵੱਡੀ ਗਿਣਤੀ ਗਰੰਟੀਆਂ ਪੂਰੀਆਂ ਕੀਤੀਆਂ ਹਨ ਤੇ ਰਹਿੰਦੀਆਂ ਪੜਾਅਵਾਰ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ , ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਵਨੀਤ ਕੌਰ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।