ਸਿਖਲਾਈ ਲੈ ਰਹੇ ਨਵ-ਨਿਯੁਕਤ ਪਟਵਾਰੀ ਹੁਸੈਨੀਵਾਲਾ ਸਰਹੱਦ ਦੇਖਣ ਲਈ ਭੇਜੇ

  • ਮਾਲ ਅਧਿਕਾਰੀਆਂ ਨੂੰ ਸੂਬੇ ਦੇ ਭੂਗੋਲ ਅਤੇ ਇਤਿਹਾਸ ਤੋਂ ਜਾਣੂ ਹੋਣਾ ਵੀ ਜ਼ਰੂਰੀ - ਡਿਪਟੀ ਕਮਿਸ਼ਨਰ
  • ਵਿਵਹਾਰਿਕ ਸਿਖਲਾਈ ਅਤੇ ਮਹਿਕਮੇ ਦੀਆਂ ਬਾਰੀਕੀਆਂ ’ਤੇ ਧਿਆਨ ਦੇਣ ਦੀ ਹਦਾਇਤ
  • ਮੋਗਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਪਟਵਾਰੀਆਂ ਦੀ ਸਿਖਲਾਈ ਜਾਰੀ

ਮੋਗਾ, 10 ਮਾਰਚ : ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ ਨਵੇਂ ਪਟਵਾਰੀਆਂ ਦੀ ਸਿਖਲਾਈ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਥਾਪਤ ਕੀਤੇ ਗਏ ਆਰਜੀ ਪਟਵਾਰ ਸਿਖਲਾਈ ਸਕੂਲ ਵਿਖੇ ਚੱਲ ਰਹੀ ਹੈ। ਇਸ ਸਿਖਲਾਈ ਵਿੱਚ ਜ਼ਿਲ੍ਹਾ ਮੋਗਾ ਅਤੇ ਬਰਨਾਲਾ ਦੇ ਪਟਵਾਰੀ ਭਾਗ ਲੈ ਰਹੇ ਹਨ। ਅੱਜ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਿਖਲਾਈ ਲੈ ਰਹੇ ਨਵ-ਨਿਯੁਕਤ ਪਟਵਾਰੀਆਂ ਨੂੰ ਹੁਸੈਨੀਵਾਲਾ ਸਰਹੱਦ ਦੇਖਣ ਜਾਣ ਲਈ ਰਵਾਨਾ ਕੀਤਾ। ਇਹ ਇੱਕ ਦਿਨ ਦਾ ਦੌਰਾ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਨਵ-ਨਿਯੁਕਤ ਪਟਵਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰੀ ਸੇਵਾਵਾਂ ਦੇਣ ਵਾਲੇ ਹਰੇਕ ਅਧਿਕਾਰੀ/ ਕਰਮਚਾਰੀ ਨੂੰ ਸੂਬੇ ਦੀ ਭੂਗੋਲਿਕ ਸਥਿਤੀ ਅਤੇ ਇਤਿਹਾਸਿਕ ਪੱਖ ਤੋਂ ਵਾਕਿਫ਼ ਹੋਣਾ ਲਾਜ਼ਮੀ ਹੁੰਦਾ ਹੈ। ਇਸੇ ਕਰਕੇ ਹੀ ਅੱਜ ਉਹਨਾਂ ਨੂੰ ਹੁਸੈਨੀਵਾਲਾ ਸਰਹੱਦ ਦੇਖਣ ਜਾਣ ਲਈ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਅਧਿਕਾਰੀ/ ਕਰਮਚਾਰੀ ਨੂੰ ਜਿੰਨੀ ਆਪਣੇ ਸੂਬੇ ਅਤੇ ਇਤਿਹਾਸ ਬਾਰੇ ਜਾਣਕਾਰੀ ਹੋਵੇਗੀ ਉਹ ਉਨ੍ਹਾਂ ਹੀ ਕਾਮਯਾਬ ਹੋ ਸਕਦਾ ਹੈ। ਉਹਨਾਂ ਨਵ-ਨਿਯੁਕਤ ਪਟਵਾਰੀਆਂ ਨੂੰ ਦੌਰੇ ਦੌਰਾਨ ਅਨੁਸ਼ਾਸ਼ਨ ਵਿੱਚ ਰਹਿਣ ਅਤੇ ਵੱਧ ਤੋਂ ਵੱਧ ਸਿੱਖਣ ਦੀ ਤਾਕੀਦ ਕੀਤੀ। ਦੱਸਣਯੋਗ ਹੈ ਕਿ ਇਸ ਸਿਖਲਾਈ ਵਿੱਚ ਜ਼ਿਲ੍ਹਾ ਮੋਗਾ (46) ਅਤੇ ਬਰਨਾਲਾ (17) ਦੇ 63 ਨਵ-ਨਿਯੁਕਤ ਪਟਵਾਰੀਆਂ ਨੂੰ ਆਰਜ਼ੀ ਪਟਵਾਰ ਸਕੂਲ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ 30 ਅਪ੍ਰੈਲ, 2023 ਤੱਕ ਚੱਲਣੀ ਹੈ। ਉਨ੍ਹਾਂ ਨੇ ਮਾਲ ਮਹਿਕਮੇ ’ਚ ਆਪਣਾ ਭਵਿੱਖ ਬਣਾਉਣ ਆਏ ਇਨ੍ਹਾਂ ਨੌਜਵਾਨਾਂ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਲੜਕੀਆਂ ਵੀ ਹਨ, ਨੂੰ ਕਿਹਾ ਕਿ ਉਹ ਨੌਕਰੀ ਦੌਰਾਨ ਮਿਹਨਤ, ਲਗਨ ਅਤੇ ਇਮਾਨਦਾਰੀ ਨੂੰ ਸਭ ਤੋਂ ਵੱਡੇ ਗਹਿਣੇ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਤੇ ਲੋਕਾਂ ਪ੍ਰਤੀ ਜੁਆਬਦੇਹੀ ਸਭ ਤੋਂ ਪਹਿਲਾਂ ਹੈ ਅਤੇ ਸਾਨੂੰ ਇਸ ਗੱਲ ਨੂੰ ਮਨ ’ਚ ਧਾਰ ਕੇ ਚੱਲਣਾ ਪਵੇਗਾ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਹਾਂ। ਉਹਨਾਂ ਕਿਹਾ ਕਿ ਉਹ ਮਾਲ਼ ਵਿਭਾਗ ਦੀਆਂ ਬਾਰੀਕੀਆਂ ਦੇ ਨਾਲ ਨਾਲ ਪਬਲਿਕ ਡੀਲਿੰਗ ਵੀ ਸਿੱਖਣ। ਉਹਨਾਂ ਕਿਹਾ ਕਿ ਆਮ ਲੋਕਾਂ ਦਾ ਜਿਹੜਾ ਕੰਮ ਨਹੀਂ ਵੀ ਹੋ ਸਕਦਾ ਉਸ ਬਾਰੇ ਅਰਜੀਕਰਤਾ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਬਾਰੇ ਲੋਕਾਂ ਦੀ ਰਾਏ ਨੂੰ ਬਦਲਣ ਵਿਚ ਪਟਵਾਰੀ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ, ਸਾਬਕਾ ਤਹਿਸੀਲਦਾਰ ਸ੍ਰ ਗੁਰਮੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।