ਜਨ ਔਸ਼ਧੀ ਕੇਂਦਰਾਂ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ : ਡਾ. ਬਲਬੀਰ ਸਿੰਘ

  • ਮਿਆਰੀ ਸਿਹਤ ਸਹੂਲਤਾਂ ਦੇਣ ’ਚ ਅਹਿਮ ਰੋਲ ਨਿਭਾ ਰਹੇ ਹਨ ਆਮ ਆਦਮੀ ਕਲੀਨਿਕ : ਸਿਹਤ ਮੰਤਰੀ
  • 5ਵੇਂ ਜਨ ਔਸ਼ਧੀ ਦਿਵਸ ਮੌਕੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਚ ਹੋਇਆ ਸੂਬਾ-ਪੱਧਰੀ ਸਮਾਗਮ

ਐਸ.ਏ.ਐਸ ਨਗਰ, 07 ਮਾਰਚ : ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰਾਜੈਕਟ ਤਹਿਤ ਪੰਜਵੇਂ ਜਨ ਔਸ਼ਧੀ ਦਿਵਸ ਮੌਕੇ ਅੱਜ ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਸੂਬਾ-ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਡਾਕਟਰੀ ਸਿਖਿਆ ਤੇ ਖੋਜ ਅਤੇ ਚੋਣ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਿਰਕਤ ਕੀਤੀ। ਡਾਕਟਰਾਂ, ਜਨ ਔਸ਼ਧੀ ਕੇਂਦਰ ਸੰਚਾਲਕਾਂ ਤੇ ਲਾਭਪਾਤਰੀਆਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਕਿ ਪੰਜਾਬ ਵਿਚ ਵੱਖ-ਵੱਖ ਥਾਈਂ ਖੁਲ੍ਹੇ ਜਨ ਔਸ਼ਧੀ ਕੇਂਦਰ ਲੋਕਾਂ ਖ਼ਾਸਕਰ ਗ਼ਰੀਬਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਕਿਉਂਕਿ ਇਨ੍ਹਾਂ ’ਚ ਬ੍ਰਾਂਡਿਡ ਦਵਾਈਆਂ ਦੇ ਮੁਕਾਬਲੇ 50 ਤੋਂ 90  ਫ਼ੀਸਦੀ ਤਕ ਸਸਤੀਆਂ ਤੇ ਮਿਆਰੀ ਦਵਾਈਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਵਾਈਆਂ ਮਹਿੰਗੀਆਂ ਹੋਣ ਕਾਰਨ ਕਈ ਵਾਰ ਮਰੀਜ਼ਾਂ ਨੂੰ ਵਿੱਤੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਜਿਹੇ ਮਰੀਜ਼ਾਂ ਲਈ ਦਵਾਈਆਂ ਦੇ ਮਹਿੰਗੇ ਬਾਜ਼ਾਰ ਵਿਚ ਖੁਲ੍ਹੇ ਇਹ ਕੇਂਦਰ ਸਾਰਥਕ ਬਦਲ ਬਣ ਰਹੇ ਹਨ। ਉਨ੍ਹਾਂ ਦਸਿਆ ਕਿ ਜਨ ਔਸ਼ਧੀ ਕੇਂਦਰਾਂ ਵਿਚ 1759 ਤੋਂ ਵੱਧ ਉਚ-ਗੁਣਵੱਤਾ ਵਾਲੀਆਂ ਦਵਾਈਆਂ ਅਤੇ 280 ਸਰਜੀਕਲ ਤੇ ਹੋਰ ਉਤਪਾਦ ਉਪਲਭਧ ਹਨ।  ਉਨ੍ਹਾਂ ਕਿਹਾ ਕਿ ਭਾਵੇਂ ਇਹ ਕੇਂਦਰ ਕਈ ਜਗ੍ਹਾ ਖੁਲ੍ਹ ਚੁੱਕੇ ਹਨ ਪਰ ਕਈ ਲੋਕਾਂ ਨੂੰ ਇਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿਤਾ ਕਿ ਆਮ ਲੋਕਾਂ ਨੂੰ ਇਨ੍ਹਾਂ ਕੇਂਦਰਾਂ ਵਿਚ ਬਾਜ਼ਾਰ ਮੁਕਾਬਲੇ ਮਿਲਦੀਆਂ ਬੇਹੱਦ ਸਸਤੀਆਂ ਤੇ ਮਿਆਰੀ ਦਵਾਈਆਂ ਬਾਰੇ ਜਾਗਰੂਕ ਕੀਤਾ ਜਾਵੇ। ਪੰਜਾਬ ਵਿਚ ਖੁਲ੍ਹੇ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਇਨ੍ਹਾਂ ਕਲੀਨਿਕਾਂ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਭਾਰੀ ਗਿਣਤੀ ਵਿਚ ਇਨ੍ਹਾਂ ਕਲੀਨਿਕਾਂ ਵਿਚ ਆ ਕੇ ਜਿਥੇ ਵੱਖ-ਵੱਖ ਤਰ੍ਹਾਂ ਦੇ ਟੈਸਟ ਕਰਵਾ ਰਹੇ ਹਨ, ਉਥੇ ਮਿਆਰੀ ਦਵਾਈਆਂ ਵੀ ਪ੍ਰਾਪਤ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਇਹ ਸਾਰੀਆਂ ਸਹੂਲਤਾਂ ਬਿਲਕੁਲ ਮੁਫ਼ਤ ਦਿਤੀਆਂ ਜਾ ਰਹੀਆਂ ਹਨ। ਸਿਹਤ ਮੰਤਰੀ ਨੇ ਦਸਿਆ ਕਿ ਆਮ ਆਦਮੀ ਕਲੀਨਿਕ ਦਾ ਇਕ ਡਾਕਟਰ ਮਹੀਨੇ ਵਿਚ ਔਸਤਨ 2000 ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀਆਂ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿਚ ਹੋਰ ਸੁਧਾਰ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਮੌਕੇ ਸਿਹਤ ਮੰਤਰੀ ਵਲੋਂ ਜਨ ਔਸ਼ਧੀ ਕੇਂਦਰ ਸੰਚਾਲਕਾਂ ਅਤੇ ਹੋਰ ਲਾਭਪਾਤਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ ਜਿਨ੍ਹਾਂ ਵਿਚ ਜਨ ਔਸ਼ਧੀ ਸਰਵਸ਼੍ਰੇਸ਼ਠ ਪੁਰਸਕਾਰ, ਜਨ ਔਸ਼ਧੀ ਜਯੋਤੀ ਪੁਰਸਕਾਰ, ਜਨ ਔਸ਼ਧੀ ਮਿੱਤਰਾ ਪੁਰਸਕਾਰ ਅਤੇ ਜਨ ਔਸ਼ਧੀ ਪਰਫ਼ਾਰਮਰ ਅਵਾਰਡ ਕ੍ਰਮਵਾਰ ਰਾਜੇਸ਼ ਗੁਪਤਾ, ਸੁਰਜੀਤ ਕੁਮਾਰੀ, ਡਾ. ਹਰਦੇਵ ਅਤੇ ਹਰਪ੍ਰੀਤ ਸਿੰਘ ਨੂੰ ਪ੍ਰਦਾਨ ਕੀਤੇ ਗਏ। ਸਮਾਗਮ ਵਿਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵੀ.ਕੇ. ਮੀਨਾ, ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀਮਤੀ ਆਸ਼ਿਕਾ ਜੈਨ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ, ਸਿਵਲ ਸਰਜਨ ਮੋਹਾਲੀ ਡਾ. ਆਦਰਸ਼ਪਾਲ ਕੌਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਡਾ. ਐਸ.ਪੀ.ਸਿੰਘ, ਡਾਇਰੈਕਟਰ ਪੀ.ਐਚ.ਐਸ.ਸੀ. ਡਾ. ਸੁਮਨ ਬਾਲੀ, ਏ.ਡੀ.ਸੀ. ਸ਼ਹਿਰੀ ਵਿਕਾਸ ਸ੍ਰੀ ਦਮਨਜੀਤ ਸਿੰਘ ਮਾਨ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ, ਡਾ. ਵਿਜੇ ਭਗਤ ਤੇ ਹੋਰ ਅਧਿਕਾਰੀ ਮੌਜੂਦ ਸਨ।