ਪੰਜਾਬੀਆਂ ਨੂੰ ਵਿਰਸੇ ਨਾਲ ਜੋੜਨ ਲਈ ਜ਼ਿਲ੍ਹੇ ਵਾਰ ਟੂਰਿਸਟ ਸਰਕਟ ਬਣਾਉਣ ਦੀ ਲੋੜ : ਗੁਰਭਜਨ ਸਿੰਘ ਗਿੱਲ

ਲੁਧਿਆਣਾ, 16 ਅਕਤੂਬਰ 2024 : ਪੰਜਾਬੀਆਂ ਨੂੰ ਵਿਰਸੇ ਨਾਲ ਜੋੜਨ ਲਈ ਜ਼ਿਲ੍ਹੇ ਵਾਰ ਟੂਰਿਸਟ ਸਰਕਟ ਬਣਾਉਣ ਦੀ ਲੋੜ ਹੈ ਤਾਂ ਜੋ ਸਕੂਲਾ ਕਾਲਜਾਂ, ਯੂਨੀਵਰਸਿਟੀਆਂ ਤੇ ਪੇਂਡੂ ਨੌਜਵਾਨ ਕਲੱਬਾਂ ਦੇ ਮੈਂਬਰਾਂ ਨੂੰ ਇਨ੍ਹਾਂ ਇਤਿਹਾਸਕ ਥਾਵਾਂ ਦੀ ਯਾਤਰਾ ਕਰਵਾ ਕੇ ਵਿਰਸੇ ਸਬੰਧੀ ਚੇਤਨਾ ਦਿੱਤੀ ਜਾ ਸਕੇ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਮਿਲਣ ਆਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ, ਸਿਖਲਾਈ ਅਧੀਨ ਆਈ ਏ ਐੱਸ ਅਧਿਕਾਰੀ ਬੀਬਾ ਕ੍ਰਿਤਿਕਾ ਗੋਇਲ ਤੇ ਐੱਸ ਡੀ ਐੱਮ (ਪੱਛਮੀ) ਪੂਨਮਦੀਪ ਕੌਰ ਨਾਲ ਵਿਚਾਰ ਵਟਾਦਰਾ ਕਰਦਿਆਂ ਪ੍ਰੋ. ਗਿੱਲ ਨੇ ਇਹ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਜੇ ਲੁਧਿਆਣਾ ਤੋਂ ਹੀ ਸ਼ੁਰੂ ਕਰਨਾ ਹੋਵੇ ਤਾਂ ਲੁਧਿਆਣਾ ਤੋਂ ਇਨਕਲਾਬੀ ਸੂਰਮੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਨਮ ਸਥਾਨ ਨਾਰੰਗਵਾਲ, ਨਾਰੰਗਵਾਲ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਸਥਾਨ ਸਰਾਭਾ, ਸਰਾਭਾ ਤੋਂ ਦਸਮੇਸ਼ ਪਿਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਸ਼ਵਾਸ ਪਾਤਰ ਤੇ ਰਾਏਕੋਟ ਰਿਆਸਤ ਦੇ ਨਵਾਬ ਰਾਏ ਕੱਲਾ, ਰਾਏਕੋਟ ਤੋਂ  ਪ੍ਰਭੂ ਸੱਤਾ ਸੰਪੰਨ ਆਖਰੀ ਸਿੱਖ ਮਹਾਰਾਜਾ ਦੀ ਭਾਰਤ ਵਿੱਚ ਆਖਰੀ ਰਿਹਾਇਸ਼ਗਾਹ ਬੱਸੀਆਂ ਕੋਠੀ, ਬੱਸੀਆਂ ਕੋਠੀ ਤੋਂ ਸਿੱਖ ਇਤਿਹਾਸ ਦੀ ਕੰਕਰੀਟ ਆਧਾਰਿਤ ਮਿਉਜੀਅਮ ਗੁਰਦੁਆਰਾ ਮਹਿਦੇਆਣਾ ਸਾਹਿਬ, ਮਹਿਦੇਆਣਾ  ਸਾਹਿਬ ਤੋਂ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਘਰ ਜਗਰਾਉਂ ਯਾਤਰਾ ਸਥਲ ਬਣਾਏ ਜਾ ਸਕਦੇ ਹਨ। ਪੰਜਾਬ ਟੂਰਿਜ਼ਮ ਦੀ ਬੱਸ ਜਾਂ ਪੰਜਾਬ ਰੋਡਵੇਜ ਨੂੰ। ਇਸ ਯਾਤਰਾ ਦੇ ਪ੍ਰਬੰਧ ਲਈ ਅਧਿਕਾਰਤ ਕੀਤਾ ਜਾ ਸਕਦਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਿਪਟੀ ਕਮਿਸ਼ਨਰ ਸ਼੍ਰੀ ਜੋਰਵਾਲ ਨੂੰ ਸੁਝਾਅ ਦਿੱਤਾ ਕਿ ਰਾਏਕੋਟ ਵਿੱਚ ਰਾਏ ਕੱਲਾ ਜੀ ਦੀ ਯਾਦ ਵਿੱਚ ਲਾਇਬਰੇਰੀ ਉਸਾਰਨ ਲਈ  ਪੰਜਾਬ ਸਰਕਾਰ ਨੇ 2012 ਵਿੱਚ ਨਗਰ ਪਾਲਿਕਾ ਰਾਏਕੋਟ ਪਾਸੋਂ ਕੁਝ ਜ਼ਮੀਨ ਰਾਖਵੀਂ ਕਰਵਾਈ ਸੀ ਅਤੇ ਸਾਡੀ ਬੇਨਤੀ ਪ੍ਰਵਾਨ ਕਰਦਿਆਂ ਉਸ ਵੇਲੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੁਝ ਧਨ ਰਾਸ਼ੀ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਸੀ। ਇਸ ਗੱਲ ਨੂੰ ਮੁੜ ਸੁਰਜੀਤ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪਹਿਲਕਦਮੀ ਕਰ ਸਕਦਾ ਹੈ। ਉਨ੍ਹਾਂ ਸ਼੍ਰੀ ਜੇਰਵਾਲ ਨੂੰ ਮੁਬਾਰਕ ਦਿੱਤੀ ਕਿ ਉਨ੍ਹਾਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਜਿਵੇ ਅਤਿ ਆਧੁਨਿਕ ਲਾਇਬਰੇਰੀ ਸੰਗਰੂਰ ਵਿੱਚ ਉਸਾਰੀ ਹੈ, ਉਹੀ ਉਤਸ਼ਾਹ ਹੁਣ ਰਾਏਕੋਟ ਲਈ ਵੀ ਵਿਖਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਰਹਿੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਦਸਮੇਸ਼ ਪਿਤਾ ਰਾਏ ਕੱਲਾ ਜੀ ਦੇ ਰਾਏਕੋਟ ਵਿੱਚ ਇੱਕ ਹਫ਼ਤਾ ਮਹਿਮਾਨ ਸਨ। ਇਹ ਲਾਇਬਰੇਰੀ ਉਨ੍ਹਾਂ ਵੱਲੋਂ ਪ੍ਰਟਾਏ ਸਨੇਹ ਅਤੇ ਨਿਰਭਯਤਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਦਿੱਤੇ ਸੁਝਾਵਾਂ ਨੂੰ ਮੁੱਲਵਾਨ ਮੰਨਦਿਆਂ ਇਸ ਨੂੰ ਅਗਲੇਰੀ ਕਾਰਵਾਈ ਲਈ ਰਾਜ ਸਰਕਾਰ ਦੇ ਧਿਆਨ ਵਿੱਚ ਲਿਆਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਸ਼ਵ ਸੱਭਿਅਤਾ ਦਾ ਪੰਘੂੜਾ ਸਿਰਫ਼ ਸ਼ਬਦ ਕਾਰਨ ਹੀ ਹੈ। ਇਸ ਸ਼ਬਦ ਗੁਰੂ ਸੱਭਿਆਚਾਰ ਨੂੰ ਅਤਿ ਆਧੁਨਿਕ ਲਾਇਬਰੇਰੀਆਂ ਸਹਾਰੇ ਹੀ ਜੀਵੰਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ਪ੍ਰਸਿੱਧ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ, ਅਮਰਪ੍ਰੀਤ ਸਿੰਘ ਮੱਕੜ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਰਵਨੀਤ ਕੌਰ ਗਿੱਲ ਤੇ ਸ. ਗੁਰਕਰਨ ਸਿੰਘ ਟੀਨਾ ਵੀ ਹਾਜ਼ਰ ਸਨ। ਸ਼੍ਰੀ ਜੋਰਵਾਲ ਤੇ ਕ੍ਰਿਤਿਕਾ ਗੋਇਲ ਨੂੰ ਸਨਮਾਨ ਤਖ਼ਤੀ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।