ਨਵਜੋਤ ਸਿੱਧੂ ਦਾ ਆਪ ਤੇ ਹਮਲਾ,  ਕਿਹਾ ਇੱਕ ਬਣਿਆ ਈਵੈਂਟ ਮੈਨੇਜਰ, ਦੂਜਾ ਮਾਫੀਆ ਮੈਨੇਜਰ

ਜ਼ੀਰਾ, 25 ਦਸੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਪਿਛਲੇ ਤਿੰਨ ਦਹਾਕਿਆਂ ਤੋਂ ਲੁੱਟਿਆ ਜਾ ਰਿਹਾ ਹੈ, ਇਸ ਨੁੰ ਰੋਕਣ ਦਾ ਹੱਲ ਕੋਈ ਨਹੀਂ ਕੱਢ ਰਿਹਾ, ਸਾਰੇ ਆਪਣੇ ਖਜ਼ਾਨੇ ਭਰਨ ਲੱਗੇ ਹੋਏ ਹਨ। ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਘੇਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਨੂੰ 2 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ, ਪਰ ਸਰਕਾਰ ਜੋ ਕਹਿ ਕੇ ਸੱਤਾ ਵਿੱਚ ਆਈ ਸੀ, ਉਹ ਚੋਣ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ। ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲਏ ਬਿਨ੍ਹਾ ਕਿਹਾ ਕਿ ਇਵੈਂਟ ਮੈਨੇਜਰ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮਾਫੀਆ ਦਾ ਮੈਨੇਜਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਪ ਵੱਲੋਂ ਮਾਈਨਿੰਗ ਮਾਫੀਆ ਨੂੰ ਖ਼ਤਮ ਕਰਕੇ ਰੇਤੇ ਵਿੱਚੋਂ ਸਲਾਨਾ 20 ਹਜ਼ਾਰ ਕਰੋੜ ਕਮਾਉਣ ਦੀ ਗੱਲ ਮੁੱਖ ਮੰਤਰੀ ਕੇਜਰੀਵਾਲ ਨੇ ਆਖੀ ਸੀ, ਪਰ ਹੁਣ ਕਿੱਥੇ ਹੈ 20 ਹਜ਼ਾਰ ਕਰੋੜ, ਕਿੱਥੇ ਹੈ ਉਹ ਵਾਅਦਾ ਜੋ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਣ ਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਸਿਰਫ ਵਿਖਾਵੇ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ। ਇੱਕ ਇਵੈਂਟ ਮੈਨੇਜਰ ਬਣਗਿਆ ਤੇ ਦੂਜਾ ਮਾਫੀਆ ਮੈਨੇਜਰ। ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ  ਪੰਜਾਬ ਦੇ ਰੇਤੇ ਵਿੱਚੋਂ ਕਮਾਇਆ ਸਾਰਾ ਪੈਸਾ ਦਿੱਲੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਦਿੱਲੀ ‘ਚ ਆਪ ਦੀ ਹਾਈਕਮਾਨ ਪੰਜਾਬ ਦੇ ਪੈਸੇ ਨੂੰ ਚੋਣ ਪ੍ਰਚਾਰ ਲਈ ਵਰਤ ਰਹੀ ਹੈ। ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਬਾਰੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਗਲਤ ਨਹੀਂ ਬੋਲਿਆ, ਪਰ ਵਿਚਾਰਾਂ ਦੀ ਲੜਾਈ ਜਰੂਰ ਹੈ। ਉਨ੍ਹਾਂ ਕਿਹਾ ਕਿ ਜਿਸ ਦੇ ਵਿਚਾਰ ਪੰਜਾਬ ਨੂੰ ਬਚਾਉਣ ਵੱਲ ਹਨ, ਉਹ ਉਹਨਾਂ ਦੇ ਨਾਲ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਗਠਜੋੜ ਹੋਣਾ ਚਾਹੀਦਾ ਹੈ, ਨਹੀਂ ਤਾਂ ਉਹ ਕੇਂਦਰ ਸਰਕਾਰ ਦੀਆਂ ਸਾਰੀਆਂ ਪਾਰਟੀਆਂ ਨੂੰ ਖ਼ਤਮ ਕਰ ਦੇਵੇਗੀ।