ਖੇਡ ਮੰਤਰੀ ਮੀਤ ਹੇਅਰ ਵੱਲੋਂ ਨੈਸ਼ਨਲ ਰਿਕਾਰਡ ਦਾ ਚਾਰਟ ਜਾਰੀ

  • ਪੰਜਾਬ ਸਰਕਾਰ ਸਿਹਤ, ਖੇਡ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਨੰਬਰ ਇੱਕ ਸੂਬਾ ਬਨਾਉਣ ਲਈ ਵਚਨਬੱਧ, ਮੀਤ ਹੇਅਰ

ਬਰਨਾਲਾ, 04 ਜੁਲਾਈ : ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸਰਬਜੀਤ ਸਿੰਘ ਤੂਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਬਰਜਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਤਿਆਰ ਕੀਤੇ ਗਏ ਅਥਲੈਟਿਕ ਦੇ ਸੀਨੀਅਰ, ਜੂਨੀਅਰ ਅਤੇ ਸਬ-ਜੂਨੀਅਰ ਵਰਗ ਦੇ ਨੈਸ਼ਨਲ ਰਿਕਰਾਡ ਦੇ ਚਾਰਟ ਨੂੰ ਪੰਜਾਬ ਦੇ ਮਾਣਯੋਗ ਖੇਡ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜਾਰੀ ਕੀਤਾ ਗਿਆ। ਖੇਡ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ, ਖੇਡ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਨੰਬਰ ਇੱਕ ਸੂਬਾ ਬਨਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਇਹ ਖੇਡ ਚਾਰਟ ਬਨਾਉਣ ਅਤੇ ਜਾਰੀ ਕਰਨ ਦਾ ਵਧੀਆ ਉਪਰਾਲਾ ਹੈ। ਇਸ ਨਾਲ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਨਾ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਤੂਰ ਨੇ ਕਿਹਾ ਕਿ ਇਹ ਚਾਰਟ ਬਣਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ, ਖੇਡਾਂ ਦੀ ਤਿਆਰੀ ਦਾ ਪੱਧਰ ਜਾਂਚਣ ਲਈ ਅਤੇ ਐਥਲੇਟਿਕਸ ਦੇ ਵੱਖ ਵੱਖ ਈਵੈਂਟਸ ਵਿੱਚ ਸਥਾਪਿਤ ਨੈਸ਼ਨਲ ਰਿਕਾਰਡ ਦੀ ਜਾਣਕਾਰੀ ਦੇਣ ਲਈ ਇਹ ਐਥਲੈਟਿਕ ਚਾਰਟ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਚਾਰਟ ਵਿੱਚ ਵੱਖ ਵੱਖ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਬਰਨਾਲਾ ਜ਼ਿਲ੍ਹਾ ਨਾਲ ਸੰਬੰਧਿਤ ਖਿਡਾਰੀਆਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਡੀ.ਈ.ਓ ਤੂਰ ਨੇ ਕਿਹਾ ਜ਼ਿਲ੍ਹੇ ਦੇ ਹਰ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵਿੱਚ ਦੋ ਚਾਰਟ ਅਤੇ ਇਕ ਫਲੈਕਸ ਲਗਾਈ ਜਾਵੇਗੀ। ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜਿਹੜਾ ਵੀ ਬੱਚਾ ਖੇਡਾਂ ਵਿੱਚ ਇਨ੍ਹਾਂ ਰਿਕਾਰਡਾਂ ਦੇ ਨਜ਼ਦੀਕ ਹੈ ਤਾਂ ਇਸ ਬਾਰੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਬੱਚੇ ਦਾ ਸਹੀ ਮਾਰਗ ਦਰਸ਼ਨ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਬਰਨਾਲਾ ਦੇ ਚੇਅਰਮੈਨ ਸ੍ਰ ਗੁਰਜੀਤ ਸਿੰਘ ਬਾਠ, ਪਰਮਿੰਦਰ ਸਿੰਘ ਭੰਗੂ, ਡੀ.ਐਮ. ਸਪੋਰਟਸ ਸਿਮਰਦੀਪ ਸਿੰਘ, ਡੀ.ਪੀ.ਈ. ਪਰਮਜੀਤ ਕੌਰ, ਮਲਕੀਤ ਸਿੰਘ, ਦਿਨੇਸ਼ ਕੁਮਾਰ ਆਦਿ ਹਾਜ਼ਿਰ ਰਹੇ।