ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਖਾਦ ਨਾਲ ਖੇਤੀ ਖਰਚੇ ਕੀਤੇ ਜਾ ਸਕਦੇ ਹਨ ਘੱਟ : ਸੁਧੀਰ ਕਟਿਆਰ

  • ਇਫਕੋ ਵੱਲੋਂ ਸਰਹਿੰਦ ਵਿਖੇ ਨੈਨੋ ਯੂਰੀਆ ਤੇ ਨੈਨੋ ਡੀ.ਏ.ਪੀ.ਖਾਦ ਦੀ ਵਰਤੋਂ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ

ਫ਼ਤਹਿਗੜ੍ਹ ਸਾਹਿਬ, 25 ਮਈ : ਇਫਕੋ ਵੱਲੋਂ ਕਿਸਾਨ ਸਿਖਲਾਈ ਕੇਂਦਰ ਸਮਸ਼ੇਰ ਨਗਰ ਵਿਖੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਲਈ ਨੈਨੋ ਯੂਰੀਆ ਅਤੇ ਨੈਨੋ ਡੀਏ.ਪੀ. ਖਾਦ ਦੇ ਇਸਤੇਮਾਲ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਇਫਕੋ ਦੇ ਡੀ.ਜੀ.ਐਮ. ਡਾ: ਸੁਧੀਰ ਕਟਿਆਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ: ਕਟਿਆਰ ਨੇ ਦੱਸਿਆ ਕਿ ਇਫਕੋ ਨੈਨੋ ਯੂਰੀਆ ਨੈਨੋ ਤਕਨੀਕ ਤੇ ਆਧਾਰਤ ਇੱਕ ਸਵਦੇਸ਼ੀ ਨੈਨੋ ਖਾਦ ਹੈ ਜੋ ਇਫਕੋ ਦੁਆਰਾ ਵਿਸ਼ਵ ਵਿੱਚ ਪਹਿਲੀ ਵਾਰ ਵਿਕਸਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਉਤਪਾਦ ਨੂੰ ਮਨਜੂਰੀ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਫਸਲ ਦੇ ਨਾਜੁਕ ਪੜਾਅ ਤੇ ਪੱਤਿਆਂ ਤੇ ਨੈਨੋ ਯੂਰੀਆ ਦਾ ਛਿੜਕਾਅ ਕਰਕੇ ਨਾਈਟ੍ਰੋਜਨ ਦੀ ਸਫਲਤਾ ਪੂਰਵਕ ਸਪਲਾਈ ਕੀਤੀ  ਜਾਂਦੀ ਹੈ, ਜਿਸ ਨਾਲ ਉਤਪਾਦਨ ਵੱਧਣ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਵੀ ਹੁੰਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਨੈਨੋ ਯੁਰੀਆ ਸਾਰੀਆਂ ਫਸਲਾਂ ਲਈ ਲਾਹੇਵੰਦ ਹੈ ਅਤੇ ਇਸ ਨਾਲ ਫਸਲ ਦੀ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਹੋਰ ਕਿਹਾ ਕਿ ਬਰਸਾਤੀ ਫਸਲਾਂ ਵਿੱਚ ਵੀ ਇਹ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ ਅਤੇ ਇਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਦੇ ਹਨ। ਡਾ: ਕਟਿਆਰ ਨੇ ਹੋਰ ਦੱਸਿਆ ਕਿ ਇਫਕੋ ਦੇਸ਼ ਦਾ ਸਭ ਤੋਂ ਵੱਡਾ ਸਹਿਕਾਰੀ ਅਦਾਰਾ ਹੈ ਜੋ ਕਿ ਕਿਸਾਨਾਂ ਦੀ ਆਰਥਿਕਤਾ ਵਿੱਚ ਵਾਧਾ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਫਕੋ ਵਲੋਂ ਵਿਕਸਿਤ ਦੁਨੀਆਂ ਦੇ ਪਹਿਲੇ ਨੈਨੋ ਯੂਰੀਆ ਅਤੇ ਨੈਨੋ ਡੀ ਏ ਪੀ ਖਾਦ ਦੇ ਪ੍ਰਯੋਗ ਨਾਲ ਕਿਸਾਨਾਂ ਵਲੋਂ ਦਾਣੇਦਾਰ ਯੂਰੀਆ, ਡੀ ਏ ਪੀ ਦੀ ਖਪਤ ਨੂੰ ਅੱਧਾ ਕਰਦਿਆਂ, ਜਿਆਦਾ ਪੈਦਾਵਾਰ ਲਈ ਨੈਨੋ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਹੀ ਨੈਨੋ ਖਾਦਾਂ ਦੀ ਵਰਤੋਂ ਨਾਲ ਰਸਾਇਣਿਕ ਖਾਦਾਂ ਦੇ ਦੁਸ਼ਪ੍ਰਭਾਵ ਜਿਵੇਂ ਪਾਣੀ ਅਤੇ ਵਾਤਾਵਰਣ ਗੰਦਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਇਫਕੋ ਦੇ ਰਿਜਨਲ ਮੈਨੇਜਰ ਸ਼੍ਰੀ ਸੰਦੀਪ ਵਿਰਕ ਨੇ ਲੋੜ ਅਨੁਸਾਰ ਖੇਤੀਬਾੜੀ ਦਵਾਈਆਂ ਦੀ ਵਰਤੋਂ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਫਕੋ ਵਲੋਂ ਝੋਨੇ ਦੀਆ ਸਾਰੀਆਂ ਦਵਾਈਆਂ ਬੜੇ ਹੀ ਜਾਈਜ ਰੇਟ ਤੇ ਕਿਸਾਨ ਕਿਸੇ ਵੀ ਖੇਤੀਬਾੜੀ ਸੋਸਿਏਟੀ ਤੋਂ ਖਰੀਦ ਸਕਦੇ ਹਨ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਨਿਕਾ ਸੈਣੀ ਨੇ ਨੈਨੋ ਖਾਦਾਂ ਪ੍ਰਯੋਗ ਕਰਨ ਤੇ ਜੋਰ ਦਿੰਦਿਆਂ ਕਿਹਾ ਖੇਤੀਬਾੜੀ ਵਿੱਚ ਰਸਾਇਣਕ ਯੂਰੀਆ ਅਤੇ ਡੀ ਏ ਪੀ ਦੀ ਵਰਤੋਂ ਨੂੰ ਘਟਾਉਣਾ ਚਾਹੀਦਾ ਹੇ। ਡਾ. ਜਸਵਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੇ ਨੈਨੋ ਖਾਦਾਂ ਦੀ ਵਰਤੋਂ ਤੇ ਜ਼ੋਰ ਦਿੱਤਾ । ਉਨ੍ਹਾਂ ਦੱਸਿਆ ਕਿ ਖਾਦ ਚਕਦੇ ਸਮੇਂ ਕਿਸਾਨ ਵੀਰ ਮਿਲ ਵੰਡ ਕੇ ਖਾਦ ਲੈਣ ਅਤੇ ਪੋਸ ਮਸ਼ੀਨ ਵਿਚੋਂ ਸਮੇਂ ਸਿਰ ਖਾਦ ਦੀ ਬਿਕਰੀ ਕੀਤੀ ਜਾਵੇ।ਨਾਲ ਹੀ ਉਨ੍ਹਾਂ ਤਰਲ ਕਨਸੋਰਸ਼ਿਆ ਵਰਤਣ ਲਈ ਕਿਹਾ।ਇਸ ਮੌਕੇ ਇਫਕੋ ਦੇ ਫੀਲਡ ਅਫਸਰ ਸ਼੍ਰੀ ਹਿਮਾਂਸ਼ੂ ਜੈਨ, ਪੰਜਾਬ ਨੈਸ਼ਨਲ ਬੈਂਕ ਦੇ ਕਿਸਾਨ ਸਿਖਲਾਈ ਕੇਂਦਰ ਦੀ ਸ਼੍ਰੀਮਤੀ ਸਤਬੀਰ ਕੌਰ ਪੀ ਐਨ ਬੀ ਬੈਂਕ ਵਲੋਂ ਕਰਵਾਏ ਜਾ ਰਹੇ ਵੱਖ ਵੱਖ ਮੁਫਤ ਕੋਰਸ ਬਾਰੇ ਦੱਸਿਆ। ਇਫਕੋ ਦੇ ਪਟਿਆਲਾ ਤੋਂ ਸ਼੍ਰੀ ਅਰਵਿੰਦ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਗੁਰਮੀਤ ਸਿੰਘ ਸੰਗਤਪੁਰਾ, ਰਾਜਿੰਦਰ ਸਿੰਘ ਧੰਤੋਂਦਾ, ਬਹਾਦਰ ਸਿੰਘ ਜੱਲਾ, ਗੁਰਪ੍ਰੀਤ ਸਿੰਘ ਤਲਾਨੀਆ, ਤਰਣਵੀਰ ਸਿੰਘ ਚਨਾਰਥਲ, ਲਖਵੀਰ ਸਿੰਘ ਬਦੋਸ਼ੀ, ਹਰਜਿੰਦਰ ਕੁਮਾਰ ਮੂਲੇਪੁਰ, ਨਰਿੰਦਰ ਸਿੰਘ ਦਮਹੇੜੀ ਤੋਂ ਇਲਾਵਾ ਸਮੂਹ ਸਰਹਿੰਦ ਸਰਕਲ ਦੇ ਸਕੱਤਰ ਮੌਜੂਦ ਸਨ।