ਤਿੰਨ ਮਹੀਨਿਆਂ ਅੰਦਰ ਮੁਕੰਮਲ ਹੋਵੇਗੀ ਨਾਗਰੀ ਤੋਂ ਸੁਨਾਮ - ਘਰਾਚੋਂ ਲਿੰਕ ਰੋਡ : ਹਰਪਾਲ ਸਿੰਘ ਚੀਮਾ

  • ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨੀਂਹ ਪੱਥਰ ਰੱਖਦਿਆਂ ਦੁਹਰਾਇਆ, ਮਾਨ ਸਰਕਾਰ ਨੇ ਜੋ ਕਿਹਾ, ਉਹ ਕੀਤਾ

ਦਿੜ੍ਹਬਾ, 8 ਜੁਲਾਈ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਜਾਂਦੇ ਹਨ ਉਹ ਤਰਜੀਹੀ ਆਧਾਰ ਉੱਤੇ ਪੂਰੇ ਕੀਤੇ ਜਾਂਦੇ ਹਨ।‌ ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਅਧੀਨ ਆਉਂਦੇ ਨਾਗਰੀ ਤੋਂ ਸੁਨਾਮ ਘਰਾਚੋਂ ਲਿੰਕ ਰੋਡ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਦਿਆਂ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ  ਪਿਛਲੀਆਂ ਸਰਕਾਰਾਂ ਦੌਰਾਨ ਇਸ ਸੜਕ ਨੂੰ ਬਣਾਉਣ ਦਾ ਲਾਰਾ ਲਗਾ ਕੇ ਕਈ ਵਾਰ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਕੰਮ ਨੇਪਰੇ ਨਹੀਂ ਚੜ੍ਹਾਇਆ ਗਿਆ। ਉਨ੍ਹਾਂ ਕਿਹਾ ਕਿ ਪਰ ਭਗਵੰਤ ਮਾਨ ਸਰਕਾਰ ਜੋ ਕਹਿੰਦੀ ਹੈ, ਉਸ ਨੂੰ ਮੁਕੰਮਲ ਕਰਕੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਦੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰੀਬ ਤਿੰਨ ਕਿਲੋਮੀਟਰ ਦੇ ਇਸ ਕੱਚੇ ਪਹੇ ਨੂੰ ਪੰਜਾਬ ਮੰਡੀ ਬੋਰਡ ਵੱਲੋਂ ਤਿੰਨ ਮਹੀਨਿਆਂ ਅੰਦਰ ਪੱਕੀ ਲਿੰਕ ਰੋਡ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਇਸ ਸੜਕ ਦੇ ਬਣਨ ਨਾਲ ਨਾਗਰੀ, ਨਾਗਰਾ, ਮੋੜਾਂ ਸਮੇਤ ਹੋਰ ਕਈ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ।