ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ 'ਚ ਨਗਰ ਕੀਰਤਨ ਸਜਾਇਆ

ਰਾਏਕੋਟ, 30 ਦਸੰਬਰ (ਚਮਕੌਰ ਸਿੰਘ ਦਿਓਲ) : ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ  ਗੁਰਦੁਆਰਾ ਸਿੰਘ ਸਭਾ ਪਿੰਡ ਬੱਸੀਆ ਦੀ ਪ੍ਰਬੰਧਕੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਸੀ।  ਨਗਰ ਕੀਰਤਨ ਦੇ ਅੱਗੇ ਫੌਜੀ ਬੈਂਡ ਅਤੇ ਮੀਰੀ ਪੀਰੀ ਗੱਤਕਾ ਪਾਰਟੀ  ਆਪਣੀ ਕਲਾ ਦੇ ਜੌਹਰ ਦਿਖਾ ਰਹੀ ਸੀ। ਸੰਗਤਾਂ ਦਾ ਵਿਸ਼ਾਲ ਕਾਫਿਲਾ ਨਗਰ ਕੀਰਤਨ ਨਾਲ ਗੁਰਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ  ਥਾਂ ਥਾਂ ਚਾਹ ਅਤੇ ਬ੍ਰੈਡ ਪਕੋੜਿਆਂ ਦੇ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਦੌਰਾਨ  ਭਾਈ ਗੁਰਪ੍ਰੀਤ ਸਿੰਘ ਬੱਧਨੀ ਕਲਾਂ ਵਾਲਿਆਂ ਦੇ ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਅਤੇ ਭਾਈ ਗੁਰਵਿੰਦਰ ਸਿੰਘ ਦੇ ਕੀਰਤਨੀ ਜੱਥੇ ਵੱਲੋ  ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਨਾਜਰ ਸਿੰਘ ਗਿੱਲ, ਚਰਨਜੀਤ ਸਿੰਘ ਸੈਕਟਰੀ, ਰਜਿੰਦਰਪਾਲ ਸਿੰਘ ਖਜਾਨਚੀ, ਕੇਵਲ ਸਿੰਘ ਚੀਮਾ, ਗ੍ਰੰਥੀ ਗੁਰਜੰਟ ਸਿੰਘ,ਗੁਰਮੇਲ ਸਿੰਘ ਧਾਲੀਵਾਲ, ਗੁਰਮੇਲ ਸਿੰਘ ਕਰੀ ਸਮੇਤ ਵੱਡੀ ਗਿਣਤੀ 'ਚ ਸੰਗਤਾ ਹਾਜ਼ਰ ਸਨ