ਕੂੜੇ ਦੇ ਡੰਪ ਹਟਾਉਣ ਦਾ ਨਗਰ ਕੋਂਸਲ ਮਾਨਸਾ ਨੇ ਕੰਮ ਕਰਵਾਇਆ ਸ਼ੁਰੂ 

ਮਾਨਸਾ, 20 ਮਈ : ਨਗਰ ਕੋਂਸਲ ਮਾਨਸਾ ਨੇ ਬਾਬਾ ਭਾਈ ਗੁਰਦਾਸ ਟੋਬਾ ਲਾਗੇ ਅਤੇ ਰਾਮਦਿੱਤੇਵਾਲਾ ਚੋਂਕ ਸਥਿਤ ਕੂੜੇ ਦੇ ਡੰਪ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ 3 ਕਰੋੜ 54 ਲੱਖ ਰੁਪਏ ਦੇ ਕੂੜਾ ਡੰਪ ਚੁੱਕਣ ਦੇ ਟੈਂਡਰ ਹੋਣ ਤੋਂ ਬਾਅਦ ਇਹ ਕੰਮ ਨਗਰ ਕੋਂਸਲ ਦੇ ਪ੍ਰਧਾਨ ਵਿਜੈ ਸਿੰਗਲਾ ਦੀ ਅਗਵਾਈ ਵਿੱਚ ਆਰੰਭ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 9 ਮਹੀਨਿਆਂ ਅੰਦਰ ਕੂੜੇ ਦੇ ਦੋਨੇ ਵੱਡੇ ਡੰਪ ਚੁੱਕ ਦਿੱਤੇ ਜਾਣਗੇ। ਇਸ ਸੰਬੰਧੀ ਦਿਆ ਚੰਦ ਐਂਡ ਕੰਪਨੀ ਨਵੀਂ ਦਿੱਲੀ ਨਾਲ ਪੰਜਾਬ ਸਰਕਾਰ ਦਾ ਕਰਾਰ ਹੋਇਆ ਹੈ। ਨਗਰ ਕੋਂਸਲ ਪ੍ਰਧਾਨ ਵਿਜੈ ਸਿੰਗਲਾ ਨੇ ਨਗਰ ਕੋਂਸਲ ਦੇ ਅਧਿਕਾਰੀਆਂ, ਕੋਂਸਲਰਾਂ ਦੀ ਮੌਜੂਦਗੀ ਵਿੱਚ ਇਹ ਕੰਮ ਸ਼ੁਰੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਦਾ ਫੰਡ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ। ਹੁਣ ਇਹ ਕੰਮ ਲਗਾਤਾਰ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਕੂੜੇ ਵਿੱਚੋਂ ਮਿੱਟੀ, ਬਰੇਤੀ, ਪਲਾਸਟਿਕ, ਖਾਦ ਅਤੇ ਹੋਰ ਚੀਜਾਂ ਨੂੰ ਅਲੱਗ-ਅਲੱਗ ਕਰਕੇ ਸੜਕਾਂ, ਖੇਤਾਂ ਅਤੇ ਹੋਰ ਕੰਮਾਂ ਵਿੱਚ ਵਰਤੋਂ ਵਿੱਚ ਲਿਆਂਦਾ ਜਾਵੇਗਾ। ਆਉਂਦੇ ਸਮੇਂ ਵਿੱਚ ਕੂੜੇ ਦੇ ਡੰਪ ਇੱਕਠੇ ਹੋਣ ਦੀ ਨੋਬਤ ਵੀ ਨਹੀਂ ਆਵੇਗੀ ਕਿਉਂਕਿ ਇਹ ਕੂੜਾ ਵਰਤੋਂ ਵਿੱਚ ਆਵੇਗਾ ਅਤੇ ਕੂੜੇ ਦੇ ਵੱਡੇ-ਵੱਡੇ ਢੇਰ ਨਹੀਂ ਲੱਗਣਗੇ। ਵਿਜੈ ਸਿੰਗਲਾ ਨੇ ਕਿਹਾ ਕਿ ਪਹਿਲਾਂ ਇਸ ਸੰਬੰਧੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਕੰਮ ਮੁਕੰਮਲ ਨਹੀਂ ਚੜ੍ਹੇਗਾ। ਪਰ ਪੰਜਾਬ ਸਰਕਾਰ ਅਤੇ ਨਗਰ ਕੋਂਸਲ ਨੇ ਹਿੰਮਤ ਕਰਕੇ ਇਸ ਦੀ ਸ਼ੁਰੂਆਤ ਕਰਵਾ ਦਿੱਤੀ ਹੈ। 9 ਮਹੀਨੇ ਦੇ ਅੰਦਰ ਕੂੜੇ ਦੇ ਡੰਪ ਨਜਰ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਤੇ ਆਉਣ ਵਾਲੇ ਸਮੇਂ ਵਿੱਚ ਨਗਰ ਕੋਂਸਲ ਉਹੀ ਪਾਰਕ, ਸੈਰਗਾਹ ਆਦਿ ਬਣਾਉਣ ਤੇ ਵੀ ਵਿਚਾਰ ਕਰੇਗੀ ਅਤੇ ਇਸ ਜਗ੍ਹਾ ਨੂੰ ਸੁੰਦਰੀਕਰਨ ਵਿੱਚ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਇਹ ਸਮੱਸਿਆ ਬਣੀ ਹੋਈ ਸੀ। ਪਰ ਹੁਣ ਇਸ ਦੀ ਸ਼ਹਿਰੀਆਂ ਨੂੰ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਗਰ ਕੋਂਸਲ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਹਿੱਤ ਇਹ ਕੰਮ ਸ਼ੁਰੂ ਕਰਵਾ ਦਿੱਤਾ ਹੈ ਅਤੇ ਇਸ ਵਿੱਚ ਹੁਣ ਕਿਤੇ ਵੀ ਰੁਕਾਵਟ ਨਹੀਂ ਆਵੇਗੀ। ਸ਼ਹਿਰੀਆਂ ਨੇ ਨਗਰ ਕੋਂਸਲ ਦਾ ਇਸ ਸੰਬੰਧੀ ਧੰਨਵਾਦ ਕੀਤਾ ਹੈ। ਕੂੜੇ ਦੇ ਡੰਪ ਨੂੰ ਜੇ.ਸੀ.ਬੀ ਮਸ਼ੀਨਾਂ ਲਗਵਾ ਕੇ ਚੁਕਵਾਇਆ ਜਾ ਰਿਹਾ ਹੈ। ਇਸ ਮੌਕੇ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀਨਸੀਨ ਮਹੰਤ ਅਮ੍ਰਿਤ ਮੁਨੀ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਅੱਕਾਂਵਾਲੀ, ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂ,ਮੀਤ ਪ੍ਰਧਾਨ ਕ੍ਰਿਸ਼ਨ ਸਿੰਘ, ਐਡਵੋਕੇਟ ਰਣਦੀਪ ਸ਼ਰਮਾ, ਕ੍ਰਿਸ਼ਨ ਚੌਹਾਨ, ਨਗਰ ਕੋਂਸਲ ਦੇ ਬ੍ਰਾਂਡ ਅੰਬੈਸਡਰ ਡਾ: ਸ਼ੇਰਜੰਗ ਸਿੰਘ ਸਿੱਧੂ, ਇੰਦਰਜੀਤ ਸਿੰਘ ਉੱਭਾ, ਕੋਂਸਲਰ ਰਾਮਪਾਲ ਸਿੰਘ, ਹੰਸ ਰਾਜ, ਅਜੈ ਬੋਨੀ, ਕ੍ਰਿਸ਼ਨ ਸੇਠੀ, ਰਾਜੂ ਦਰਾਕਾ, ਗੁਰਮੀਤ ਸਿੰਘ, ਰਾਘਵ ਸਿੰਗਲਾ, ਅੰਕੁਸ਼ ਅਰੋੜਾ, ਅਜੈ ਕੁਮਾਰ ਆਦਿ ਹਾਜਰ ਸਨ।