ਸਕੂਲ ਬੱਸ ਨਾਲ ਹੋਏ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ

ਮਹਿਲ ਕਲਾਂ, 17 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਕਸਬਾ ਮਹਿਲ ਕਲਾਂ ਵਿਖੇ ਅੱਜ ਬਾਅਦ ਦੁਪਹਿਰ ਸਥਾਨਕ ਨਿੱਜੀ ਸਕੂਲ ਦੀ ਬੱਸ ਤੇ ਮੋਟਰਸਾਈਕਲ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ | ਮੋਟਰਸਾਈਕਲ ਸਵਾਰ ਮਿ੍ਤਕ ਵਿਅਕਤੀ ਦੀ ਪਹਿਚਾਣ ਜਰਨੈਲ ਸਿੰਘ ਪੁੱਤਰ ਸਮਰ ਸਿੰਘ ਵਾਸੀ ਛੀਨੀਵਾਲ ਕਲਾਂ ਵਜੋਂ ਹੋਈ ਹੈ ਜਦਕਿ ਬੱਸ ਚਾਲਕ ਵਿਅਕਤੀ ਵੀ ਪਿੰਡ ਛੀਨੀਵਾਲ ਕਲਾਂ ਦਾ ਹੀ ਦੱਸਿਆ ਜਾ ਰਿਹਾ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਕੂਲ ਵਿਚੋਂ ਛੁੱਟੀ ਹੋਣ ਉਪਰੰਤ ਵਿਦਿਆਰਥੀਆਂ ਨਾਲ ਭਰੀ ਬੱਸ ਜਦੋਂ ਮਹਿਲ ਕਲਾਂ ਤੋਂ ਨੇੜਲੇ ਪਿੰਡਾਂ ਨੂੰ ਜਾ ਰਹੀ ਸੀ ਤਾਂ ਮਹਿਲ ਕਲਾਂ ਵਿਖੇ ਲਿੰਕ ਸੜਕ ਸਹਿਜੜਾ ਨਜ਼ਦੀਕ ਅਚਾਨਕ ਬੱਸ ਦੂਸਰੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾਉਣ ਕਰ ਕੇ ਮੋਟਰ ਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਤਾਂ ਸਥਾਨਕ ਲੋਕਾਂ ਵਲੋਂ ਜਰਨੈਲ ਸਿੰਘ ਨੂੰ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਮਿ੍ਤਕ ਐਲਾਨ ਦਿੱਤਾ ਗਿਆ | ਮਾਮਲੇ ਵਿਚ ਪੁੱਜੇ ਏ.ਐਸ.ਆਈ. ਗੁਰਮੇਲ ਸਿੰਘ ਪੁਲਿਸ ਥਾਣਾ ਮਹਿਲ ਕਲਾਂ ਨੇ ਕਿਹਾ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ