ਵਿਸ਼ਵ ਪੰਜਾਬੀ ਸਭਾ ਵੱਲੋਂ ਮਾਂ ਬੋਲੀ ਚੇਤਨਾ ਕਾਫ਼ਲਾ ਡਾ. ਕਥੂਰੀਆ ਦੀ ਅਗਵਾਈ 'ਚ ਲੁਧਿਆਣੇ ਪੁੱਜਾ 

  • ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਕਾਫ਼ਲੇ ਦਾ ਸੁਆਗਤ

ਲੁਧਿਆਣਾ, 24 ਸਤੰਬਰ : ਵਿਸ਼ਵ ਪੰਜਾਬੀ ਸਭਾ ਟੋਰੰਟੋ(ਕੈਨੇਡਾ) ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਚੱਲ ਕੇ ਬਰਾਸਤਾ ਮੋਹਾਲੀ, ਪਟਿਆਲਾ ਤੇ ਮਾਲੇਰਕੋਟਲਾ ਹੁੰਦਾ ਹੋਇਆ ਲੁਧਿਆਣੇ ਪਹੁੰਚਿਆ।  ਕਾਫ਼ਲੇ ਦਾ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਪ੍ਰਧਾਨ ਸਃ ਪ੍ਰਿਤਪਾਲ ਸਿੰਘ ਪਾਲੀ ਨੇ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਜੇ ਆਪਣੀ ਮਾਂ ਬੋਲੀ ਨੂੰ ਵਿਰਾਸਤ ਨੂੰ ਖੋਰਾ ਲੱਗਣ ਤੋਂ ਬਚਾ ਲੈਂਦੇ ਤਾਂ ਬਦੇਸ਼ੀ ਧਰਤੀ ਦੀ ਸੰਸਥਾ ਵਿਸ਼ਵ ਪੰਜਾਬੀ ਸਭਾ ਨੂੰ ਪੰਜਾਬ ਨਾ ਆਉਣਾ ਪੈਂਦਾ। ਉਨ੍ਹਾਂ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਵ ਪੰਜਾਬੀ ਸਭਾ ਦੇ ਮੁਖੀ ਡਾਃ ਦਲਬੀਰ ਸਿੰਘ ਕਥੂਰੀਆ ਨੂੰ ਸ੍ਰੀ ਸਾਹਿਬ ਤੇ ਦਸਤਾਰ ਭੇਂਟ ਕਰਕੇ ਸਨਮਾਨਿਤ ਕੀਤਾ। ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ, ਭਾਰਤੀ ਇਕਾਈ ਦੀ ਪ੍ਰਧਾਨ ਬੀਬੀ ਬਲਬੀਰ ਕੌਰ ਰਾਏਕੋਟੀ , ਕੰਵਲਜੀਤ ਸਿੰਘ ਲੱਕੀ ਸੀਨੀਅਰ ਮੀਤ ਪ੍ਰਧਾਨ ਤੇ ਕਾਫਲੇ ਦੇ ਬਾਕੀ ਸਾਥੀਆਂ ਨੂੰ ਵੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।  ਇਹ ਵਿਸ਼ਾਲ ਕਾਫ਼ਲਾ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੋਂ ਲੰਘਦਾ ਹੋਇਆ ਪੰਜਾਬੀ ਸਾਹਿੱਤ ਅਕਾਡਮੀ ਦੇ ਹੈੱਡ ਕੁਆਰਟਰ ਪੰਜਾਬੀ ਭਵਨ ਪੁੱਜਾ ਜਿੱਥੇ ਅਕਾਡਮੀ ਦੇ ਸਰਪ੍ਰਸਤ ਸੁੱਖੀ ਬਾਠ ਬਾਨੀ  ਪੰਜਾਬ ਭਵਨ ਸਰੀ(ਕੈਨੇਡਾ),ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਦਫ਼ਤਰ ਸਕੱਤਰ ਡਾਃ ਗੁਰਚਰਨ ਕੌਰ ਕੋਚਰ, ਮੈਬਰ ਸਾਹਿਬਾਨ ਅਮਰਜੀਤ ਸ਼ੇਰਪੁਰੀ, ਦੀਪ ਜਗਦੀਪ ਸਿੰਘ, ਡਾਃ ਹਰੀ ਸਿੰਘ ਜਾਚਕ, ਸੁਰਿੰਦਰਦੀਪ ਕੌਰ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ (ਯੂ ਕੇ) ਕਰਨੈਲ ਸਿੰਘ ਅਸਪਾਲ ਨਾਮਧਾਰੀ ਸਿਰਸਾ(ਹਰਿਆਣਾ) ਸਃ ਸੋਹਨ ਸਿੰਘ ਗੈਡੂ ਹੈਦਰਾਬਾਦ(ਤਿਲੰਗਾਨਾ) ਉਰਦੂ ਕਵੀ ਗੁਲਸ਼ਨ ਬਹਾਰ ਸਮੇਤ ਲੇਖਕਾਂ ਨੇ ਕਾਫ਼ਲੇ ਦਾ ਸੁਆਗਤ ਕੀਤਾ। ਇਸ ਮੌਕੇ ਸੁਆਗਤੀ ਸ਼ਬਦ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਖ਼ਤਰਿਆਂ ਵਿੱਚੋਂ ਗੁਰਮੁਖੀ ਲਿਪੀ ਜਾਨਣ ਵਾਲਿਆਂ ਦੀ ਗਿਣਤੀ ਲਗਾਤਾਰ ਘਟਣਾ ਹੈ। ਇਸ ਦਾ ਬੁਨਿਆਦੀ ਸੁਧਾਰ ਕਰਨ ਲਈ ਪੰਜਾਬੀ ਨੂੰ ਲਿਖਣ , ਪੜ੍ਹਨ ਤੇ ਬੋਲਣ ਦੀ ਲਿਆਕਤ ਪ੍ਰਾਪਤ ਵਿਅਕਤੀ ਨੂੰ ਹੀ   ਮਾਂ ਬੋਲੀ ਦਾ ਸੱਚਾ ਸਪੂਤ ਕਿਹਾ ਜਾ ਸਕਦਾ ਹੈ। ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਦੇ 1954ਤੋਂ ਲੈ ਕੇ ਵਰਤਮਾਨ ਤੀਕ ਦੀ ਵਿਕਾਸ ਰੇਖਾ ਬਾਰੇ ਜਾਣਕਾਰੀ ਦਿੱਤੀ। 
ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਸਾਰਾ ਵਿਸ਼ਵ ਇਸ ਵੇਲੇ ਆਪਣੀਆਂ ਸੱਭਿਆਚਾਰਕ ਜੜ੍ਹਾ ਵੱਲ ਪਰਤ ਰਿਹਾ ਹੈ ਪਰ ਪੰਜਾਬੀ ਲੋਕ ਜੜ੍ਹਾਂ ਤਿਆਗ ਰਹੇ ਹਨ। ਇਲ ਪਾਸੇ ਮੋੜਾ ਪਾਉਣ ਦੀ ਲੋੜ ਹੈ। ਉਨ੍ਹਾ ਅਕਾਡਮੀ ਦੀਆ ਪ੍ਰਕਾਸ਼ਨਾਵਾਂ ਦਾ ਸੈੱਟ ਤੇ ਸਿਰੋਪਾਉ ਭੇਂਟ ਕਰਕੇ ਡਾਃ ਦਲਬੀਰ ਸਿੰਘ ਕਥੂਰੀਆ ਤੇ ਸੁੱਖੀ ਬਾਠ ਨੂੰ ਸਨਮਾਨਿਤ ਕੀਤਾ।  ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਾਂ ਬੋਲੀ ਚੇਤਨਾ ਮਾਰਚ ਦਾ ਮਨੋਰਥ ਆਪਣੀ ਧਰਤੀ ਦੀ ਜ਼ਬਾਨ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੀ ਦੋ ਅਮਲੀ ਨੀਤੀ ਸਾਥੋਂ ਮਾਂ ਬੋਲੀ ਦੇ ਵਿਕਾਸ ਮੌਕੇ ਖੋਹ ਰਹੀ ਹੈ। ਇਸ ਨੂੰ ਬਚਾਉਣ ਲਈ ਸਰਕਾਰ ਦਾ ਸਹਿਯੋਗ ਤੇ ਘਰ ਪਰਿਵਾਰਾਂ ਵਿੱਚ ਚੇਤਨਾ ਜੀ ਬਹੁਤ ਲੋੜ ਹੈ।  ਇਹ ਲੋਕ ਚੇਤਨਾ ਕਾਫ਼ਲਾ  27 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਪ੍ਰੇਰਨਾ ਨਾਲ ਟੋਰੰਟੋ (ਕੈਨੇਡਾ) ਵਿੱਚ ਵਿਸ਼ਵ ਪੰਜਾਬੀ ਭਵਨ ਦੀ ਸਥਾਪਨਾ ਪਿਛਲੇ ਮਹੀਨੇ ਹੀ 27 ਅਗਸਤ ਨੂੰ ਕੀਤੀ ਗਈ ਹੈ। 150ਸੀਟਾਂ ਵਾਲੇ ਇਸ ਵਿਸ਼ਵ ਪੰਜਾਬੀ ਭਵਨ ਵਿੱਚ ਸਾਹਿੱਚ ਸੱਭਿਆਚਾਰ ਤੇ ਪੰਜਾਬੀਅਤ ਨਾਲ ਸਬੰਧਿਤ ਸੰਸਥਾਵਾਂ ਆਪੋ ਆਪਣੇ ਸਮਾਗਮ  ਬਿਨਾ ਕੋਈ ਫੀਸ ਤਾਰਿਆਂ ਕਰ ਸਕਣਗੀਆਂ ਅਤੇ ਉਨ੍ਹਾਂ ਦੇ ਚਾਹ ਪਾਣੀ ਦੀ ਸੇਵਾ ਵੀ ਵਿਸ਼ਵ ਪੰਜਾਬੀ ਭਵਨ ਵੱਲੋਂ ਕੀਤਾ ਜਾਵੇਗੀ। ਉਨ੍ਹਾ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ ਡੁਬਈ ਵਿਖੇ ਸਤੰਬਰ ਮਹੀਨੇ ਦੇ ਆਖਰੀ ਤਿੰਨ ਦਿਨ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਪੰਜਾਬ ਭਨ ਸਰੀ(ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਨੇ ਮਾਂ ਬੋਲੀ ਪੰਜਾਬੀ ਲੋਕ ਚੇਤਨਾ ਦਾ ਜੋ ਕਾਫ਼ਲਾ ਆਰੰਭਿਆ ਹੈ ਇਹ ਮੁਬਾਰਕ ਕਦਮ ਹੈ। ਇਸ ਵਿੱਚ ਸਾਡਾ ਸਹਿਯੋਗ ਹਰ ਪੱਧਰ ਤੇ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਸਾਹਿੱਤ ਸੱਭਿਆਚਾਰ ਨਾਲ ਜੋੜਨ ਲਈ ਸਕੂਲਾਂ ਵਿੱਚ ਸਾਹਿੱਤ ਸਿਰਜਣ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਭਵਿੱਖ ਪੀੜ੍ਹੀਆਂ ਨੂੰ ਮਾਂ ਬੋਲੀ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾ ਦੱਸਿਆ ਕਿ 8–9 ਅਕਤੂਬਰ ਨੂੰ ਸਰੀ ਵਿਖੇ ਪੰਜਾਬ ਭਵਨ ਵੱਲੋਂ ਪੰਜਵੀਂ ਸਾਲਾਨਾ ਵਿਸ਼ਵ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ 12 ਮੁਲਕਾਂ ਤੋਂ ਲਗਪਗ 50 ਡੈਲੀਗੇਟ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ 2016 ਵਿੱਚ ਇਸ ਪੰਜਾਬ ਭਵਨ ਸਰੀ ਦੀ ਸਥਾਪਨਾ ਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਪ੍ਰੇਰਨਾ ਤੇ ਭਰਵੇ ਸਹਿਯੋਗ ਨਾਲ ਕੀਤੀ ਗਈ ਸੀ। ਇਸ ਮੌਕੇ ਪੰਜਾਬ ਭਵਨ ਸਰੀ ਦੀ ਜਲੰਧਰ ਦਫ਼ਤਰ ਕੋਆਰਡੀਨੇਟਰ ਪ੍ਰੀਤ ਹੀਰ ਵੀ ਹਾਜ਼ਰ ਸਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਦਫ਼ਤਰ ਸਕੱਤਰ ਡਾਃ ਗੁਰਚਰਨ ਕੌਰ ਕੋਚਰ ਨੇ ਧੰਨਵਾਦ ਦੇ ਸ਼ਬਦ ਕਹੇ। ਪੱਖੋਵਾਲ ਰੋਡ ਲੁਧਿਆਣਾ ਥਾਣੀਂ ਹੁੰਦਾ ਹੋਇਆ ਇਹ ਕਾਫ਼ਲਾ ਮਹਾਰਾਜਾ ਰਣਜੀਤ ਸਿੰਘ ਨਗਰ ਸਥਿਤ ਆਦਰਸ਼ ਫਾਰਮ ਹਾਊਸ ਵਿਖੇ ਪੁੱਜਿਆ ਜਿੱਥੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਕੰਵਲਜੀਤ ਸਿੰਘ ਲੱਕੀ ਤੇ ਵਿੱਕੀ ਮਾਗੋ ਨੇ ਸਭ ਦਾ ਸੁਆਗਤ ਕੀਤਾ। ਇਥੋਂ ਇਹ ਕਾਫ਼ਲਾ ਰਾਏਕੋਟ, ਸੰਗਰੂਰ ਤੇ ਤਲਵੰਡੀ ਸਾਬੋ (ਬਠਿੰਡਾ)ਲਈ ਰਵਾਨਾ ਹੋਇਆ।

01