1.10 ਲੱਖ ਤੋਂ ਵਧੇਰੇ ਲੋਕ ਲੈ ਚੁੱਕੇ ਹਨ ਆਮ ਆਦਮੀ ਕਲੀਨਿਕਾਂ ਦੀਆਂ ਮੁਫ਼ਤ ਮੈਡੀਕਲ ਸੇਵਾਵਾਂ

  • ਮੋਗਾ ਦੇ 24 ਆਮ ਆਦਮੀ ਕਲੀਨਿਕਾਂ ਦਾ ਲੋਕ ਲੈ ਰਹੇ ਭਰਪੂਰ ਲਾਹਾ, 20222 ਲੈਬ ਟੈਸਟ ਕੀਤੇ ਮੁਫ਼ਤ
  • ਕਲੀਨਿਕਾਂ ਦੀਆਂ ਮੁਫ਼ਤ ਸੇਵਾਵਾਂ ਨਾਲ ਆਮ ਲੋਕਾਂ ਉਪਰ ਪੈਣ ਵਾਲਾ ਆਰਥਿਕ ਬੋਝ ਘਟਿਆ-ਡਿਪਟੀ ਕਮਿਸ਼ਨਰ

ਮੋਗਾ, 19 ਜੂਨ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ। ਜ਼ਿਲਾ ਮੋਗਾ ਵਿੱਚ ਆਮ ਆਦਮੀ  ਕਲੀਨਿਕਾਂ ਦੀ ਗਿਣਤੀ 24 ਹੈ, ਜਿੰਨ੍ਹਾਂ ਦਾ ਮੋਗਾ ਵਾਸੀਆਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕਰਦਿਆਂ ਦੱਸਿਆ ਕਿ ਇਹ ਕਲੀਨਿਕ ਪਿੰਡ ਲੰਢੇਕੇ, ਘੋਲੀਆ ਖੁਰਦ, ਹਿੰਮਤਪੁਰਾ, ਬਿਲਾਸਪੁਰ, ਧਰਮਕੋਟ, ਦੁੱਨੇਕੇ, ਰਾਜਿਆਣਾ, ਮੱਲ੍ਹੀਆਂਵਾਲਾ, ਬੁੱਟਰ ਕਲਾਂ, ਚੜਿੱਕ, ਫਤਹਿਗੜ੍ਹ ਪੰਜਤੂਰ, ਲੰਡੇ, ਰਾਉਕੇ ਕਲਾਂ, ਅਰਬਨ ਸਲੱਮ ਏਰੀਆ ਡਿਸਪੈਂਸਰੀ, ਕਿਸ਼ਨਪੁਰਾ ਕਲਾਂ, ਖੋਸਾ ਰਣਧੀਰ, ਮਾਣੂੰਕੇ, ਸੁਖਾਨੰਦ, ਲੋਪੋਂ, ਕੋਕਰੀ ਕਲਾਂ, ਦੌਲਤਪੁਰਾ ਨੀਂਵਾਂ, ਚੰਦ ਨਵਾਂ, ਜਲਾਲਾਬਾਦ ਅਤੇ ਪੱਤੋ ਹੀਰਾ ਸਿੰਘ ਵਿਖੇ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ 24 ਆਮ ਆਦਮੀ ਕਲੀਨਿਕਾਂ ਜਰੀਏ ਹੁਣ ਤੱਕ 1,10,412 ਲੋਕਾਂ ਨੇ ਮੁਫ਼ਤ ਮੈਡੀਕਲ ਸੇਵਾਵਾਂ ਪ੍ਰਾਪਤ ਕੀਤੀਆਂ ਹਨ ਅਤੇ ਵੱਖ ਵੱਖ ਤਰ੍ਹਾਂ ਦੇ 20222 ਲੈਬ ਟੈਸਟ ਵੀ ਹੁਣ ਤੱਕ ਇਨ੍ਹਾਂ ਜਰੀਏ ਮੁਫ਼ਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਲੋਕਾਂ ਦੀ ਜੇਬ ਉੱਪਰ ਪੈਣ ਵਾਲਾ ਆਰਥਿਕ ਬੋਝ ਬਹੁਤ ਹੱਦ ਤੱਕ ਘੱਟ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਿਤ ਹੋਏ ਹਨ। ਇਨ੍ਹਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰਾਂ ਦੇ 45 ਟੈਸਟ ਅਤੇ 75 ਤਰਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਲੀਨਿਕਾਂ ਦੇ ਖੁੱਲਣ ਨਾਲ ਆਮ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ।