ਬੱਸ-ਟਰੈਕਟਰ-ਟਰਾਲੀ ਭਿਆਨਕ ਟੱਕਰ ’ਚ 10 ਤੋਂ ਵਧੇਰੇ ਜਖਮੀ

ਮੁੱਲਾਂਪੁਰ ਦਾਖਾ 06 ਅਪਰੈਲ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਪਿੰਡ ਗਹੌਰ ਲਾਗੇ ਦੇਰ ਸ਼ਾਮ ਬੱਸ-ਟਰੈਕਟਰ-ਟਰਾਲੀ ਦੀ ਹੋਈ ਭਿਆਨਕ ਟੱਕਰ ਦੌਰਾਨ 10 ਤੋਂ ਵਧੇਰੇ ਲੋਕਾਂ ਦੇ ਜਖਮੀਂ ਹੋਣ ਦੀ ਦੁਖਦਾਈ ਖ਼ਬਰ ਹੈ। ਜਿਨ੍ਹਾਂ ਨੂੰ ਲੋਕ ਸੇਵਾ ਕਮੇਟੀ ਐਂਡ ਵੈਲਫੇਅਰ ਕਲੱਬ ਦੀ ਐਂਬੂਲੈਂਸ ਦੇ ਡਰਾਇਵਰ ਤੇ ਮੇਡੀਵੇਅ ਹਸਪਤਾਲ ਦੇ ਸਟਾਫ ਨੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ। ਘਟਨਾਂ ਸਥਾਨ ਤੇ ਥਾਣਾ ਦਾਖਾ ਦੀ ਪੁਲਿਸ ਪੁੱਜੀ ਜਿਨ੍ਹਾਂ ਨੇ ਨੁਕਸਾਨੇ ਵਾਹਨਾਂ ਨੂੰ ਰੋਡ ਤੋਂ ਪਾਸੇ ਕਰਵਾਕੇ ਆਵਾਜਾਈ ਬਹਾਲ ਕੀਤੀ। ਏ.ਐੱਸ.ਆਈ ਹਮੀਰ ਸਿੰਘ ਅਨੁਸਾਰ ਲੁਧਿਆਣਾ ਡਿਪੂ ਦੀ ਸਰਕਾਰੀ ਪੀਆਰਟੀਸੀ ਬੱਸ ਜਿਸਦਾ ਨੰਬਰ ਪੀ.ਬੀ 13 ਏ.ਯੂ 0096 ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ, ਜਦੋਂਕਿ ਕੱਕੇ ਰੇਤੇ ਨਾਲ ਭਰੀ ਟਰੈਕਟਰ–ਟਰਾਲੀ ਗਲਤ ਸਾਈਡ ਦੀ ਤਰਫੋਂ ਪਿੰਡ ਹਸਨਪੁਰ ਦੀ ਤਰਫ ਜਾ ਰਹੀ ਸੀ ਜਿਸਨੂੰ 2 ਨੌਜਵਾਨ ਲਿਜਾ ਰਹੇ ਸਨ। ਗਲਤ ਸਾਈਡ ਟਰੈਕਟਰ-ਟਰਾਲੀ ਜਾਣ ਕਰਕੇ ਸਿੱਧੀ ਟੱਕਰ ਬੱਸ ਨਾਲ ਹੋ ਗਈ ਜਿਸਦੇ ਸਿੱਟੇ ਵਜੋਂ ਬੱਸ ਦੇ ਅੱਗੇ ਬੈਠੀਆਂ ਸਵਾਰੀਆਂ ਤੇ ਬੱਸ ਡਰਾਇਵਰ ਗੰਭੀਰ ਜਖਮੀ ਹੋ ਗਏ।  ਇਹ ਟੱਕਰ ਐੈਨੀ ਭਿਆਨਕ ਸੀ ਕਿ ਬੱਸ ਦਾ ਮੂਹਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰੈਕਟਰ ਦਾ ਹਿੱਸਾ ਵੀ ਨੁਕਸਾਨਿਆ ਗਿਆ ਸੀ। 12 ਜਖਮੀ ਵਿਅਕਤੀਆਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ।  ਪਰ ਖਬਰ ਲਿਖੇ ਜਾਣ ਤੱਕ ਕਿਸੇ ਵੀ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਸੀ।